ਦੇਹਰਾਦੂਨ/ਸ਼ਿਮਲਾ, 3 ਫਰਵਰੀ | ਹਿਮਾਚਲ ਰੋਡਵੇਜ਼ ਦੀ ਇੱਕ ਬੱਸ ਅੱਜ ਉੱਤਰਾਖੰਡ ਦੇ ਟਿਊਨੀ-ਕਾਲਸੀ ਇਲਾਕੇ ਵਿੱਚ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ। ਨੇਰਵਾ ਤੋਂ ਵਿਕਾਸਨਗਰ ਜਾ ਰਹੀ ਇਹ ਬੱਸ ਕਵਾਣੂ ਨੇੜੇ ਸੁਡੋਈ ਖੱਡ ਵਿੱਚ ਜਾ ਡਿੱਗੀ, ਜਿਸ ਕਾਰਨ 3 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਵੇਲੇ ਬੱਸ ਵਿੱਚ 30 ਤੋਂ ਵੱਧ ਸਵਾਰੀਆਂ ਮੌਜੂਦ ਸਨ।
ਮਿਲੀ ਜਾਣਕਾਰੀ ਅਨੁਸਾਰ, ਬੱਸ ਬੇਕਾਬੂ ਹੋ ਕੇ ਡੂੰਘੀ ਖਾਈ ਵਿੱਚ ਜਾ ਡਿੱਗੀ। ਹੁਣ ਤੱਕ 12 ਜ਼ਖ਼ਮੀਆਂ ਨੂੰ ਸਥਾਨਕ ਲੋਕਾਂ ਅਤੇ ਬਚਾਅ ਟੀਮਾਂ ਦੀ ਮਦਦ ਨਾਲ ਬਾਹਰ ਕੱਢਿਆ ਜਾ ਚੁੱਕਾ ਹੈ, ਜਦਕਿ ਕਈ ਅਜੇ ਵੀ ਫਸੇ ਹੋਏ ਹਨ। ਜ਼ਖ਼ਮੀਆਂ ਦੀ ਹਾਲਤ ਗੰਭੀਰ ਦੇਖਦਿਆਂ ਮੌਤਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ SDRF ਦੀਆਂ 4 ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ ਅਤੇ ਰਾਹਤ ਕਾਰਜ ਤੇਜ਼ੀ ਨਾਲ ਕੀਤੇ ਜਾ ਰਹੇ ਹਨ। ਸਥਾਨਕ ਪ੍ਰਸ਼ਾਸਨ ਮੁਤਾਬਕ ਖਾਈ ਡੂੰਘੀ ਹੋਣ ਕਾਰਨ ਬਚਾਅ ਕਾਰਜਾਂ ਵਿੱਚ ਮੁਸ਼ਕਲਾਂ ਆ ਰਹੀਆਂ ਹਨ। ਜ਼ਖ਼ਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ।