ਹਰਿਆਣਾ, 17 ਨਵੰਬਰ | ਇਥੋਂ ਇਕ ਖੌਫਨਾਕ ਖਬਰ ਸਾਹਮਣੇ ਆਈ ਹੈ। 2 ਦਿਨਾਂ ਤੋਂ ਲਾਪਤਾ 6 ਸਾਲ ਦੇ ਬੱਚੇ ਦੀ ਲਾਸ਼ ਹਰਿਆਣਾ ਦੇ ਫਰੀਦਾਬਾਦ ‘ਚ ਉਸ ਦੇ ਫੁੱਫੜ ਦੇ ਘਰ ਬੈੱਡ ‘ਚੋਂ ਮਿਲੀ। ਬੱਚੇ ਦੇ ਹੱਥ-ਪੈਰ ਬੰਨ੍ਹੇ ਹੋਏ ਸਨ। ਪੁਲਿਸ ਜਾਂਚ ‘ਚ ਸਾਹਮਣੇ ਆਇਆ ਹੈ ਕਿ ਫੁੱਫੜ ਦੀ ਸ਼ਿਵਾਂਸ਼ ਦੇ ਪਿਤਾ ਨਾਲ ਰੰਜਿਸ਼ ਸੀ। ਇਸ ਦਾ ਬਦਲਾ ਲੈਣ ਲਈ ਉਸ ਨੇ ਇਹ ਕਤਲ ਕੀਤਾ ਹੈ।

ਪੁਲਿਸ ਨੇ ਦੱਸਿਆ ਕਿ ਹਰਿਆਣਾ ਦੇ ਫਰੀਦਾਬਾਦ ਵਿਚ ਵਿਅਕਤੀ ਨੂੰ ਆਪਣੇ ਛੇ ਸਾਲਾ ਭਤੀਜੇ ਨੂੰ ਕਥਿਤ ਤੌਰ ’ਤੇ ਅਗਵਾ ਕਰਨ ਅਤੇ ਬੇਰਹਿਮੀ ਨਾਲ ਮਾਰਨ ਦੇ ਇਲਜ਼ਾਮ ਤਹਿਤ ਗ੍ਰਿਫਤਾਰ ਕੀਤਾ ਹੈ। 2 ਦਿਨ ਪਹਿਲਾਂ ਭਗਤ ਸਿੰਘ ਕਾਲੋਨੀ ਤੋਂ ਅਗਵਾ ਹੋਏ ਸ਼ਿਵਾਂਸ਼ ਉਰਫ ਛੋਟੂ ਦੀ ਲਾਸ਼ ਉਸ ਦੇ ਰਿਸ਼ਤੇਦਾਰ ਦੇ ਘਰ ਬੈੱਡ ਦੇ ਬਕਸੇ ‘ਚੋਂ ਮਿਲੀ।

ਪੁਲਿਸ ਅਨੁਸਾਰ ਮੁਲਜ਼ਮ ਦੀ ਪਛਾਣ ਭਗਤ ਸਿੰਘ ਕਾਲੋਨੀ ਵਾਸੀ ਬਲਰਾਮ ਵਜੋਂ ਹੋਈ ਹੈ। ਉਹ ਦਿੱਲੀ ਵਿਚ ਮਜ਼ਦੂਰ ਵਜੋਂ ਕੰਮ ਕਰਦਾ ਹੈ ਅਤੇ ਉਸ ਦੇ 3 ਬੱਚੇ ਹਨ। ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦਾਅਵਾ ਕੀਤਾ ਕਿ ਬਲਰਾਮ ਦੇ ਪਤਨੀ ਨਾਲ ਸਬੰਧ ਸਹੀ ਨਹੀਂ ਸਨ।

ਉਧਰ, ਐਨਆਈਟੀ ਸਟੇਸ਼ਨ ਇੰਚਾਰਜ ਸੁਸ਼ੀਲਾ ਦੇਵੀ ਨੇ ਕਿਹਾ ਕਿ ਮਾਮਲੇ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ। ਐਨਆਈਟੀ ਪੁਲਿਸ ਨੇ 14 ਨਵੰਬਰ ਨੂੰ ਬੱਚੇ ਦੇ ਪਿਤਾ ਭਾਨੂ ਦੀ ਸ਼ਿਕਾਇਤ ’ਤੇ ਅਗਵਾ ਦਾ ਕੇਸ ਦਰਜ ਕੀਤਾ ਸੀ। ਪੁਲਿਸ ਦੇ ਬੁਲਾਰੇ ਸੂਬਾ ਸਿੰਘ ਨੇ ਕਿਹਾ, “ਸਾਡੀ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਤੋਂ ਪੁੱਛਗਿੱਛ ਕਰ ਰਹੀ ਹੈ।”