ਲੁਧਿਆਣਾ । ਗੈਸ ਲੀਕ ਕਾਂਡ ਵਿਚ ਸੂਆ ਰੋਡ ‘ਤੇ ਸਥਿਤ ਆਰਤੀ ਕਲੀਨਿਕ ਦੇ ਡਾਕਟਰ ਕਭਿਲੇਸ਼ ਕੁਮਾਰ ਯਾਦਵ, ਉਸ ਦੀ ਪਤਨੀ ਵਰਸ਼ਾ, 13 ਸਾਲਾ ਪੁੱਤਰ ਅਭੈ, 8 ਸਾਲਾ ਨਰਾਇਣ ਅਤੇ 20 ਸਾਲ ਦੀ ਧੀ ਕਲਪਨਾ ਜ਼ਹਿਰੀਲੀ ਗੈਸ ਚੜਨ ਨਾਲ ਮੌਤ ਦੇ ਮੂੰਹ ਵਿਚ ਚਲੇ ਗਏ। ਡਾਕਟਰ ਕਭਿਲਾਸ਼ ਦੇ ਭਰਾ ਅੱਬੂ ਯਾਦਵ ਨੇ ਦੱਸਿਆ ਕਿ ਪਿਛਲੇ 15-20 ਸਾਲਾਂ ਤੋਂ ਮੇਰਾ ਭਤੀਜਾ ਕਲੀਨਿਕ ਚਲਾਉਂਦਾ ਸੀ, ਉਸ ਦੇ ਦੋ ਪੁੱਤਰ ਅਤੇ 1 ਧੀ ਤੋਂ ਇਲਾਵਾ ਪਤਨੀ ਸਮੇਤ ਸਾਰਾ ਪਰਿਵਾਰ ਮੌਤ ਦੇ ਮੂੰਹ ਵਿਚ ਚਲਾ ਗਿਆ ਹੈ।

ਅੱਬੂ ਯਾਦਵ ਨੇ ਦੱਸਿਆ ਕਿ ਮੇਰੇ ਭਤੀਜੇ ਦਾ ਗਿਆਸਪੁਰਾ ਦੇ ਸੂਹਾ ਰੋਡ ‘ਤੇ ਆਰਤੀ ਨਾਮ ਦਾ ਕਲੀਨਿਕ ਹੈ । ਰਾਤ ਨੂੰ ਪਰਿਵਾਰ ਰੋਟੀ ਪਾਣੀ ਖਾ ਕੇ ਸੁੱਤਾ ਪਿਆ ਸੀ, ਅੱਜ ਸਵੇਰੇ ਪੰਜ ਵਜੇ ਕੋਈ ਜ਼ਹਿਰੀਲੀ ਗੈਸ ਨਾਲ ਲੱਗਦੇ ਗੋਇਲ ਡੇਅਰੀ ਤੇ ਕਰਿਆਨਾ ਸਟੋਰ ਤੋਂ ਲੀਕ ਹੋਈ, ਜਿਸ ਕਾਰਨ ਮੇਰੇ ਭਤੀਜੇ ਦਾ ਪੂਰਾ ਪਰਿਵਾਰ ਤਬਾਹ ਹੋ ਗਿਆ ਹੈ।

ਦੱਸ ਦਈਏ ਕਿ ਗਿਆਸਪੁਰਾ ਇਲਾਕੇ ‘ਚ ਸੂਆ ਰੋਡ ‘ਤੇ ਗੈਸ ਲੀਕ ਹੋਣ ਕਾਰਨ ਕੁੱਲ 11 ਵਿਅਕਤੀਆਂ ਦੀ ਮੌਤ ਹੋ ਗਈ। ਜਿਨ੍ਹਾਂ ਵਿੱਚ 5 ਔਰਤਾਂ, 6 ਮਰਦ ਹਨ, ਇਨ੍ਹਾਂ ਵਿੱਚ 10 ਸਾਲ ਅਤੇ 13 ਸਾਲ ਦੇ 2 ਬੱਚੇ ਹਨ। ਗੈਸ ਕਿੱਥੋਂ ਲੀਕ ਹੋਈ, ਇਸ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਸਾਰੇ ਮਾਮਲੇ ਦੀ ਪੜਤਾਲ ਲਈ ਐਨਡੀਆਰਐਫ ਦੀ ਟੀਮ ਨੂੰ ਸੱਦਿਆ ਗਿਆ ਹੈ। ਲੁਧਿਆਣਾ ਪਹੁੰਚਣ ਤੋਂ ਐਨਡੀਆਰਐਫ ਦੀ ਟੀਮ ਸਾਰੇ ਮਾਮਲੇ ਦੀ ਪੜਤਾਲ ਕਰਕੇ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਏਗੀ। ਦੱਸਿਆ ਜਾ ਰਿਹਾ ਹੈ ਕਿ ਆਸ-ਪਾਸ ਦੇ ਘਰਾਂ ਦੇ ਲੋਕ ਆਪਣੇ ਘਰਾਂ ਵਿਚ ਬੇਹੋਸ਼ ਹੋ ਗਏ ਹਨ ਅਤੇ ਕੋਈ ਵੀ ਉਥੇ ਜਾਣ ਦੇ ਯੋਗ ਨਹੀਂ ਹੈ। ਸੂਤਰਾਂ ਅਨੁਸਾਰ ਗੈਸ ਲੀਕ ਹੋਣ ਕਾਰਨ ਜੋ ਵੀ 300 ਮੀਟਰ ਦੇ ਘੇਰੇ ਵਿੱਚ ਜਾ ਰਿਹਾ ਹੈ, ਉਸ ਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਹੈ ਅਤੇ ਉਹ ਵਾਪਸ ਆ ਰਿਹਾ ਹੈ।

ਫਾਇਰ ਬ੍ਰਿਗੇਡ ਦੇ ਅਧਿਕਾਰੀ ਅਤੇ ਪੁਲਿਸ ਅਧਿਕਾਰੀ ਮੌਕੇ ‘ਤੇ ਮੌਜੂਦ ਹਨ ਅਤੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਪੁਲਿਸ ਨੇ ਇੱਥੇ ਸਥਿਤ ਆਰਤੀ ਕਲੀਨਿਕ ਅਤੇ ਇੱਕ ਹੋਰ ਦੁਕਾਨ ਤੋਂ 10 ਵਿਅਕਤੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਹੈ। ਪ੍ਰਸ਼ਾਸਨ ਨੂੰ ਪਤਾ ਲਗਾਉਣ ਵਿਚ ਮੁਸ਼ਕਿਲ ਹੋ ਰਹੀ ਹੈ ਕਿ ਹਾਦਸਾ ਕਿੰਝ ਵਾਪਰਿਆ।

ਪੁਲਿਸ ਅਤੇ ਸਿਵਲ ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ ਅਤੇ ਉੱਥੇ ਰਾਹਤ ਕਾਰਜ ਕੀਤੇ ਜਾ ਰਹੇ ਹਨ। ਮੌਕੇ ‘ਤੇ ਸਮਾਜਿਕ ਸੰਸਥਾਵਾਂ ਦੀਆਂ ਐਂਬੂਲੈਂਸਾਂ ਵੀ ਪਹੁੰਚ ਗਈਆਂ ਹਨ ਅਤੇ ਬੇਹੋਸ਼ ਹੋਏ ਲੋਕਾਂ ਨੂੰ ਉਥੋਂ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।