ਜਲੰਧਰ, 31 ਜਨਵਰੀ | ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਗੁਰੂ ਰਵੀਦਾਸ ਜੀ ਦੇ 649ਵੇਂ ਪ੍ਰਕਾਸ਼ ਪੁਰਬ ਮੌਕੇ ਬੂਟਾ ਮੰਡੀ ਸਥਿਤ ਗੁਰੂ ਰਵੀਦਾਸ ਧਾਮ ਵਿਖੇ ਨਤਮਸਤਕ ਹੋ ਕੇ ਕਿਹਾ ਕਿ ਸਮਾਜਿਕ ਬਰਾਬਰਤਾ ਅਤੇ ਆਪਸੀ ਭਾਈਚਾਰਕ ਸਾਂਝ ਦਾ ਸੰਦੇਸ਼ ਅੱਜ ਵੀ ਓਨਾ ਹੀ ਮਹੱਤਵਪੂਰਨ ਹੈ ਜਿੰਨਾ 800 ਸਾਲ ਪਹਿਲਾਂ ਸੀ। ਬਾਦਲ ਨੇ ਸ਼ੋਭਾ ਯਾਤਰਾ ਵਿੱਚ ਵੀ ਸ਼ਮੂਲੀਅਤ ਕੀਤੀ ਅਤੇ ਭਗਤਾਂ ਨੂੰ ਸੰਬੋਧਨ ਕੀਤਾ।
ਅਕਾਲੀ ਪ੍ਰਧਾਨ ਨੇ ਜ਼ੋਰ ਦੇ ਕੇ ਕਿਹਾ ਕਿ ਗੁਰੂ ਰਵੀਦਾਸ ਜੀ ਦੇ ਸਿਧਾਂਤ ਹੀ ਅਕਾਲੀ ਦਲ ਦੀ ਵਿਚਾਰਧਾਰਾ ਦਾ ਮੂਲ ਹਨ। ਉਨ੍ਹਾਂ ਕਿਹਾ ਕਿ ਗੁਰੂ ਰਵੀਦਾਸ ਜੀ ਨੇ ਮਨੁੱਖਤਾ ਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਸਿਖਾਇਆ ਅਤੇ ਉਨ੍ਹਾਂ ਵਰਗੇ ਸੰਤਾਂ ਮਹਾਂਪੁਰਖਾਂ ਦੀਆਂ ਸਿੱਖਿਆਵਾਂ ਕਾਰਨ ਹੀ ਪੰਜਾਬ ਦੇ ਸਾਰੇ ਭਾਈਚਾਰਿਆਂ ਵਿੱਚ ਆਪਸੀ ਸਾਂਝ ਕਾਇਮ ਹੈ। ਬਾਦਲ ਨੇ ਦਾਅਵਾ ਕੀਤਾ ਕਿ ਸੂਬੇ ਵਿੱਚ ਕਦੇ ਵੀ ਫਿਰਕੂ ਗੜਬੜ ਨਹੀਂ ਹੋਈ ਅਤੇ ਅਕਾਲੀ ਦਲ ਨੇ ਹਮੇਸ਼ਾ ਸਾਰੇ ਧਰਮਾਂ ਦੇ ਲੋਕਾਂ ਨੂੰ ਨਾਲ ਲੈ ਕੇ ਤਰੱਕੀ ਦਾ ਰਾਹ ਵਿਖਾਇਆ ਹੈ।
ਮੌਜੂਦਾ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਬਾਦਲ ਨੇ ਇਲਜ਼ਾਮ ਲਾਇਆ ਕਿ ਪਿਛਲੇ 9 ਸਾਲਾਂ ਦੇ ਕੁਪ੍ਰਸ਼ਾਸਨ ਨੇ ਪੰਜਾਬ ਦਾ ਸ਼ਾਂਤਮਈ ਮਾਹੌਲ ਖਰਾਬ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਫਿਰੌਤੀਆਂ ਤੇ ਮਿੱਥੇ ਕੇ ਕਤਲ ਰੋਜ਼ਾਨਾ ਦਾ ਕੰਮ ਬਣ ਗਏ ਹਨ ਅਤੇ ਗੈਂਗਸਟਰ ਰਾਜ ਕਰ ਰਹੇ ਹਨ। ਅਕਾਲੀ ਪ੍ਰਧਾਨ ਨੇ ਜ਼ੋਰ ਦੇ ਕੇ ਕਿਹਾ ਕਿ ਅਜਿਹੇ ਹਾਲਾਤ ਵਿੱਚ ਪੰਜਾਬੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਵਰਗੀ ਖੇਤਰੀ ਪਾਰਟੀ ਦੀ ਜ਼ਰੂਰਤ ਹੈ ਜਿਸਦੀਆਂ ਜੜ੍ਹਾਂ ਸੂਬੇ ਵਿੱਚ ਹਨ ਅਤੇ ਜੋ ਇਸ ਬੁਰਾਈ ਦਾ ਸਿੱਧਾ ਟਾਕਰਾ ਕਰ ਕੇ ਖਾਤਮਾ ਕਰ ਸਕਦੀ ਹੈ।
ਇਸ ਮੌਕੇ ਸੀਨੀਅਰ ਪਾਰਟੀ ਆਗੂ ਮਹਿੰਦਰ ਸਿੰਘ ਕੇਪੀ, ਇਕਬਾਲ ਸਿੰਘ ਢੀਂਡਸਾ, ਕੁਲਵੰਤ ਸਿੰਘ ਮੰਨਣ, ਬਲਦੇਵ ਖਹਿਰਾ, ਬਚਿੱਤਰ ਸਿੰਘ ਕੋਹਾੜ, ਹਰਜਾਪ ਸਿੰਘ ਸੰਘਾ, ਹਰਿੰਦਰ ਸਿੰਘ ਢੀਂਡਸਾ, ਐਚਐਸ ਵਾਲੀਆ, ਸੁਖਦੀਪ ਸੁਕਾਰ ਅਤੇ ਹੋਰ ਆਗੂ ਵੀ ਹਾਜ਼ਰ ਸਨ।