ਗੁਰਦਾਸਪੁਰ | ਅਕਾਲੀ ਦਲ ਨਾਲ ਸਬੰਧਿਤ ‌ਕਾਦੀਆਂ ਵਿਧਾਨ ਸਭਾ ਹਲਕਾ ਦੇ ਪਿੰਡ ਸੋਹਲ ਦੇ ਸਾਬਕਾ ਸਰਪੰਚ ਬਲਜੀਤ ਸਿੰਘ ਸੋਨੂੰ ਵੱਲੋਂ ਦੀਨਾਨਗਰ ਥਾਣੇ ’ਚ ਐੱਸ. ਐੱਚ. ਓ. ਦੇ ਕਮਰੇ ਦੇ ਬਾਥਰੂਮ ’ਚ ਜੇ ਕੇ ਖ਼ੁਦ ਨੂੰ ਗੋਲ਼ੀ ਮਾਰ ਲਈ ਗਈ ਹੈ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ, ਜਿਸ ਤੋਂ ਬਾਅਦ ਉਸ ਨੂੰ ਗੁਰਦਾਸਪੁਰ ਦੇ ਇਕ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਿੱਥੋਂ ਉਸ ਨੂੰ ਅੰਮ੍ਰਿਤਸਰ ਲਈ ਰੈਫਰ ਕਰ ਦਿੱਤਾ ਗਿਆ।

ਜਾਣਕਾਰੀ ਅਨੁਸਾਰ ਦੀਨਾਨਗਰ ਥਾਣੇ ’ਚ ਇਕ ਸ਼ਿਕਾਇਤ ਦੇ ਮਾਮਲੇ ਦੇ ਰਾਜ਼ੀਨਾਮੇ ਲਈ ਸਰਪੰਚ ਆਇਆ ਸੀ, ਜਿਸ ਦੌਰਾਨ ਉਸ ਨੇ ਬਾਥਰੂਮ ਵਿਚ ਵੜ ਕੇ ਆਪਣੇ ਮੋਢੇ ’ਤੇ ਗੋਲ਼ੀ ਮਾਰ ਲਈ ਹੈ। ਇਸ ਸਬੰਧੀ ਗੱਲ ਕਰਦਿਆਂ ਗੁਰਦਾਸਪੁਰ ਦੇ ਐੱਸ. ਐੱਸ. ਪੀ. ਹਰੀਸ਼ ਕੁਮਾਰ ਓਮ ਪ੍ਰਕਾਸ਼ ਨੇ ਦੱਸਿਆ ਕਿ ਇਹ ਮਾਮਲਾ ਇਕ ਤਰਫਾ ਪਿਆਰ ਦਾ ਹੈ।

ਉਨ੍ਹਾਂ ਦੱਸਿਆ ਕਿ ਸਾਬਕਾ ਸਰਪੰਚ ਬਲਜੀਤ ਸਿੰਘ ਆਪਣੇ ਹੀ ਪਿੰਡ ਦੀ ਕੁੜੀ ਨੂੰ ਪਸੰਦ ਕਰਦਾ ਸੀ ਪਰ ਕੁਝ ਮਹੀਨੇ ਪਹਿਲਾਂ ਉਕਤ ਕੁੜੀ ਦਾ ਪਿੰਡ ਨਾਰਦਾਂ ਦੇ ਮੁੰਡੇ ਨਾਲ ਵਿਆਹ ਹੋ ਗਿਆ। ਕੁੜੀ ਦੇ ਵਿਆਹ ਤੋਂ ਬਾਅਦ ਸਾਬਕਾ ਸਰਪੰਚ ਉਸ ਨੂੰ ਵਿਆਹੁਤਾ ਜੀਵਨ ਛੱਡ ਦੇ ਉਸ ਨਾਲ ਰਹਿਣ ਨੂੰ ਮਜ਼ਬੂਰ ਕਰਦਾ ਸੀ ਪਰ ਕੁੜੀ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਇਸ ਮਾਮਲੇ ‘ਚ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ।

ਐੱਸ. ਐੱਸ. ਪੀ. ਨੇ ਇਹ ਵੀ ਖ਼ੁਲਾਸਾ ਕੀਤਾ ਕਿ ਸਾਬਕਾ ਸਰਪੰਚ ਆਪਣਾ ਲਾਇਸੈਂਸੀ ਰਿਵਾਲਵਰ ਲੁਕਾ ਕੇ ਥਾਣੇ ਅੰਦਰ ਲੈ ਕੇ ਆਇਆ ਸੀ। ਰਾਜ਼ੀਨਾਮੇ ਦੌਰਾਨ ਉਹ ਬਾਥਰੂਮ ਚਲਾ ਗਿਆ ਅਤੇ ਉਸ ਨੇ ਖ਼ੁਦ ਨੂੰ ਗੋਲ਼ੀ ਮਾਰ ਦਿੱਤੀ। ਇਸ ਤੋਂ ਇਲਾਵਾ ਉਹ ਹੱਥ ਵਿਚ ਰਿਵਾਲਵਰ ਲੈ ਕੇ ਬਾਥਰੂਮ ਤੋਂ ਬਾਹਰ ਆ ਕੇ ਕਿਸੇ ਹੋਰ ਵਾਰਦਾਤ ਨੂੰ ਅੰਜਾਮ ਦੇਣ ਬਾਰੇ ਸੋਚ ਰਿਹਾ ਸੀ ਕਿ ਪੁਲਿਸ ਨੇ ਉਸ ਨੂੰ ਪਹਿਲਾਂ ਹੀ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਫਿਲਹਾਲ ਪੁਲਿਸ ਨੇ ਸਾਬਕਾ ਸਰਪੰਚ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਸਾਬਕਾ ਸਰਪੰਚ ਖ਼ਤਰੇ ਤੋਂ ਬਾਹਰ ਹੈ, ਜਿਸ ਦਾ ਇਲਾਜ ਅੰਮ੍ਰਿਤਸਰ ਵਿਖੇ ਕੀਤਾ ਜਾ ਰਿਹਾ ਹੈ।