ਘੁਮਾਣ| ਕਸਬਾ ਘੁਮਾਣ ਦੇ ਨਜ਼ਦੀਕ ਅੱਡਾ ਬੋਹਜਾ ਵਿਖੇ ਇੱਕ ਤੇਜ਼ ਰਫ਼ਤਾਰ ਕਾਰ ਤੇ ਸਕੂਟਰੀ ਦੀ ਸਿੱਧੀ ਟੱਕਰ ’ਚ ਵਿਆਹੁਤਾ ਔਰਤ ਦੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਸਕੂਟਰੀ ਸਵਾਰ ਔਰਤ ਨੂੰ 200 ਮੀਟਰ ਤੱਕ ਘੜੀਸਦੀ ਲੈ ਗਈ ਜਿਸ ਕਾਰਨ ਸਕੂਟਰੀ ਸਵਾਰ ਔਰਤ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਇਸ ਹਾਦਸੇ ’ਚ ਕਾਰ ਚਾਲਕ ਵੀ ਗੰਭੀਰ ਜ਼ਖ਼ਮੀ ਹੋ ਗਿਆ ਹੈ। ਹਾਦਸੇ ਦੌਰਾਨ ਕਾਰ ਖੇਤਾਂ ’ਚ ਪਲਟ ਗਈ।

ਇਸ ਸਬੰਧੀ ਮੌਕੇ ’ਤੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸਕੂਟਰੀ ਸਵਾਰ ਔਰਤ ਕਮਲਜੀਤ ਕੌਰ (35) ਪਤਨੀ ਸੁੱਚਾ ਸਿੰਘ ਵਾਸੀ ਉਦੋਨੰਗਲ ਆਪਣੇ ਸਹੁਰੇ ਪਿੰਡ ਤੋਂ ਰੱਖੜੀ ਲੈ ਕੇ ਆਪਣੇ ਪੇਕੇ ਮਾਹਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਜਾ ਰਹੀ ਸੀ। ਜਦੋਂ ਉਹ ਕਸਬਾ ਘੁਮਾਣ ਦੇ ਨਜ਼ਦੀਕ ਪੈਂਦੇ ਪਿੰਡ ਬੋਹਜਾ ਪੁੱਜੀ ਤਾਂ ਇੱਕ ਤੇਜ਼ ਰਫ਼ਤਾਰ ਸਵਿਫਟ ਕਾਰ ਜਿਸ ਨੂੰ ਬਲਵਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਚੋਣੇ ਚਲਾ ਰਿਹਾ ਸੀ, ਨੇ ਸਕੂਟਰੀ ਨੂੰ ਟੱਕਰ ਮਾਰ ਦਿੱਤੀ ਅਤੇ ਸਕੂਟਰੀ ਨੂੰ 200 ਮੀਟਰ ਤੱਕ ਘੜੀਸ ਕੇ ਲੈ ਗਈ।

ਇਸ ਹਾਦਸੇ ’ਚ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਤੇ ਸਕੂਟਰੀ ਸਵਾਰ ਔਰਤ ਕਮਲਜੀਤ ਕੌਰ ਦੀ ਮੌਕੇ ’ਤੇ ਮੌਤ ਹੋ ਗਈ ਜਦਕਿ ਕਾਰ ਸਵਾਰ ਬਲਜਿੰਦਰ ਸਿੰਘ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।