ਜਲੰਧਰ, 2 ਮਾਰਚ | ਬਸਤੀ ਬਾਵਾ ਖੇਲ ਨੇੜੇ ਇਨਵਰਟਰ ਬੈਟਰੀ ਦੇ ਗੋਦਾਮ ਦਾ ਸ਼ਟਰ ਤੋੜ ਕੇ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰ ਲਿਆ ਗਿਆ। ਇਹ ਘਟਨਾ ਬਸਤੀ ਬਾਵਾ ਖੇਲ ਥਾਣੇ ਤੋਂ ਮਹਿਜ 200 ਮੀਟਰ ਦੀ ਦੂਰੀ ‘ਤੇ ਵਾਪਰੀ। ਮਾਨ ਬੈਟਰੀ ਹਾਊਸ ਦੇ ਮਾਲਕ ਬੰਟੀ ਨੇ ਇਸ ਮਾਮਲੇ ਸਬੰਧੀ ਥਾਣਾ ਬਸਤੀ ਬਾਵਾ ਖੇਲ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ। ਪੁਲਿਸ ਨੇ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਮਾਨ ਬੈਟਰੀ ਹਾਊਸ ਦੇ ਮਾਲਕ ਬੰਟੀ ਨੇ ਦੱਸਿਆ ਕਿ ਇਸ ਘਟਨਾ ‘ਚ ਉਨ੍ਹਾਂ ਦਾ ਕਰੀਬ 2 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸ਼ਨੀਵਾਰ ਸਵੇਰੇ ਸਾਥੀ ਦੁਕਾਨਦਾਰ ਰਾਜਾ ਫਰਨੀਚਰ ਦੇ ਮਾਲਕ ਨੇ ਫੋਨ ਕਰ ਕੇ ਦੱਸਿਆ ਕਿ ਉਨ੍ਹਾਂ ਦੇ ਗੋਦਾਮ ਦਾ ਸ਼ਟਰ ਟੁੱਟਿਆ ਹੋਇਆ ਹੈ, ਜਿਸ ਤੋਂ ਬਾਅਦ ਉਹ ਤੁਰੰਤ ਮੌਕੇ ‘ਤੇ ਪਹੁੰਚੇ। ਅੰਦਰ ਜਾ ਕੇ ਦੇਖਿਆ ਕਿ ਚੋਰ ਨਵੀਆਂ ਬੈਟਰੀਆਂ ਤੇ ਹੋਰ ਸਾਮਾਨ ਚੋਰੀ ਕਰ ਕੇ ਆਪਣੇ ਨਾਲ ਲੈ ਗਏ ਸਨ।

ਬੰਟੀ ਨੇ ਦੱਸਿਆ ਕਿ ਮੁਲਜ਼ਮਾਂ ਨੇ ਲੋਹੇ ਦੀ ਰਾਡ ਨਾਲ ਗੋਦਾਮ ਦਾ ਸ਼ਟਰ ਤੋੜ ਦਿੱਤਾ ਸੀ। ਦੋਸ਼ੀ ਚਾਰ ਪਹੀਆ ਵਾਹਨ ‘ਤੇ ਸਵਾਰ ਹੋ ਕੇ ਵਾਰਦਾਤ ਨੂੰ ਅੰਜਾਮ ਦੇਣ ਆਏ ਸਨ, ਜੋ ਕਿ ਇਕ ਸੀਸੀਟੀਵੀ ਕੈਮਰੇ ਦੀ ਫੁਟੇਜ ਵਿਚ ਦਿਖਾਈ ਦੇ ਰਹੇ ਹਨ। ਇਸ ਦੌਰਾਨ ਘਟਨਾ ਵਾਲੀ ਥਾਂ ‘ਤੇ ਪਹੁੰਚੇ ਥਾਣਾ ਬਸਤੀ ਬਾਵਾ ਖੇਲ ਦੇ ਏਐਸਆਈ ਜਗਦੀਸ਼ ਨੇ ਦੱਸਿਆ ਕਿ ਪੁਲਿਸ ਨੇ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਪੀੜਤ ਅਨੁਸਾਰ ਉਕਤ ਮੁਲਜ਼ਮਾਂ ਨੇ ਗੋਦਾਮ ਦੇ ਅੰਦਰੋਂ ਬੈਟਰੀਆਂ ਤੇ ਹੋਰ ਸਾਮਾਨ ਚੋਰੀ ਕਰ ਲਿਆ ਹੈ। ਫਿਲਹਾਲ ਨੁਕਸਾਨ ਦੀ ਸਹੀ ਜਾਣਕਾਰੀ ਨਹੀਂ ਮਿਲੀ ਹੈ। ਜਲਦੀ ਹੀ ਮਾਮਲਾ ਦਰਜ ਕਰ ਲਿਆ ਜਾਵੇਗਾ।