ਤਰਨਤਾਰਨ/ਪੱਟੀ/ਖਡੂਰ ਸਾਹਿਬ, 11 ਫਰਵਰੀ | ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਦੇ ਦੋ ਦਿਨਾਂ ਦੇ ਦੌਰੇ ‘ਤੇ ਹਨ। ਅੱਜ ਦੌਰੇ ਦੇ ਦੂਜੇ ਦਿਨ ਪੰਜਾਬ ਦੇ ਖਡੂਰ ਸਾਹਿਬ ‘ਚ ਵਿਸ਼ਾਲ ਜਨ ਸਭਾ ਨੂੰ ਕੇਜਰੀਵਾਲ ਨੇ ਸੰਬੋਧਨ ਕੀਤਾ। ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿਚ ਪਹਿਲੀ ਵਾਰ ਸਰਕਾਰ ਨੇ ਇਕ ਪ੍ਰਾਈਵੇਟ ਪਲਾਂਟ ਸਸਤੇ ਵਿਚ ਖਰੀਦਿਆ ਹੈ। ਇਹ ਪਾਵਰ ਪਲਾਂਟ ਨਵਾਂ ਬਣਾਇਆ ਜਾਵੇ ਤਾਂ ਇਹ ਸਾਢੇ 5 ਹਜ਼ਾਰ ਕਰੋੜ ਰੁਪਏ ਦਾ ਬਣੇਗਾ। ਅਸੀਂ 1100 ਕਰੋੜ ਰੁਪਏ ਦਾ ਇਹ ਪਾਵਰ ਪਲਾਂਟ ਖਰੀਦਿਆ। ਜੇਕਰ ਸਾਡੀ ਨੀਅਤ ਖਰਾਬ ਹੁੰਦੀ ਤਾਂ ਸਾਢੇ 5 ਹਜ਼ਾਰ ਕਰੋੜ ਰੁਪਏ ਦਾ ਪਲਾਂਟ ਅਸੀਂ 10 ਹਜ਼ਾਰ ਕਰੋੜ ਰੁਪਏ ਵਿਚ ਖਰੀਦਦੇ ਪਰ ਸਾਡੀ ਨੀਅਤ ਸਾਫ਼ ਹੈ। ਅਸੀਂ ਪੰਜਾਬ ਦੇ ਲੋਕਾਂ ਦੇ ਪੈਸੇ ਬਚਾਅ ਲਏ। ਇਹ ਪਾਵਰ ਪਲਾਂਟ ਘਾਟੇ ਵਿਚ ਚੱਲ ਰਿਹਾ ਹੈ। ਹੁਣ ਇਹ ਪਲਾਂਟ ਫਾਇਦੇ ਵਿਚ ਚੱਲੇਗਾ। ਇਹ ਪਾਵਰ ਪਲਾਂਟ ਸਸਤੀ ਬਿਜਲੀ ਬਣਾਏਗਾ।

ਕੇਜਰੀਵਾਲ ਨੇ ਅੱਗੇ ਕਿਹਾ ਕਿ ਜਦੋਂ ਇਹ ਪਾਵਰ ਪਲਾਂਟ ਚਾਲੂ ਹੋ ਗਿਆ ਤਾਂ ਦੁਕਾਨਦਾਰਾਂ, ਕਾਰੋਬਾਰੀਆਂ, ਉਦਯੋਗਪਤੀਆਂ ਨੂੰ ਸਸਤੀ ਬਿਜਲੀ ਦੇਣੀ ਸ਼ੁਰੂ ਕਰਾਂਗੇ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਅੰਦਰ ਬਹੁਤ ਵੱਡਾ ਮਾਫ਼ੀਆ ਹੈ – ਉਹ ਹੈ ਰਾਸ਼ਨ ਮਾਫ਼ੀਆ। ਸਰਕਾਰ ਗਰੀਬਾਂ ਲਈ ਰਾਸ਼ਨ ਭੇਜਦੀ ਹੈ, 100 ਕਿਲੋ ਰਾਸ਼ਨ ਭੇਜਦੀ ਹੈ। ਗਰੀਬਾਂ ਕੋਲ ਪਹੁੰਚਦੇ-ਪਹੁੰਚਦੇ 10 ਕਿਲੋ ਜਾਂ 15 ਕਿਲੋ ਪਹੁੰਚਦਾ ਹੈ। ਸਾਰਾ ਰਾਸ਼ਨ ਚੋਰੀ ਹੋ ਜਾਂਦਾ ਹੈ। ਹੁਣ ਹਰ ਮਹੀਨੇ ਘਰ ਵਿਚ ਰਾਸ਼ਨ ਪੈਕ ਹੋ ਕੇ ਆਵੇਗਾ, ਜਿਸ ਕੁਆਲਿਟੀ ਦਾ ਆਟਾ ਮੈਂ ਖਾਂਦਾ ਹਾਂ, ਓਹੀ ਆਟਾ ਹੁਣ ਪੰਜਾਬ ਦਾ ਗਰੀਬ ਤੋਂ ਗਰੀਬ ਵਿਅਕਤੀ ਖਾਵੇਗਾ। ਆਉਣ ਵਾਲੇ 5 ਤੋਂ 10 ਸਾਲਾਂ ਅੰਦਰ ਪੂਰੇ ਦੇਸ਼ ਵਿਚੋਂ ਰਾਸ਼ਨ ਮਾਫ਼ੀਆ ਖ਼ਤਮ ਹੋ ਜਾਵੇਗਾ।

ਕੇਜਰੀਵਾਲ ਨੇ ਅੱਗੇ ਕਿਹਾ ਕਿ ਅਸੀਂ ਬਿਜਲੀ ਮੁਫਤ ਕੀਤੀ। 2 ਸਾਲ ਪਹਿਲਾਂ ਜਦੋਂ ਸਰਕਾਰ ਬਣੀ ਸੀ ਤਾਂ ਕਾਂਗਰਸ ਵਾਲੇ, ਭਾਜਪਾ ਵਾਲੇ ਆਖ ਰਹੇ ਸਨ ਕਿ ਸਰਕਾਰ ਘਾਟੇ ਵਿਚ ਚੱਲ ਰਹੀ ਹੈ। ਦੋ ਸਾਲ ਤੋਂ ਅਸੀਂ ਕਦੇ ਨਹੀਂ ਕਿਹਾ ਕਿ ਸਰਕਾਰ ਘਾਟੇ ਵਿਚ ਚੱਲ ਰਹੀ ਹੈ। ਪੂਰੇ ਪੰਜਾਬ ਦੀ ਬਿਜਲੀ ਮੁਫ਼ਤ ਕਰ ਦਿੱਤੀ ਅਤੇ 24 ਘੰਟੇ ਬਿਜਲੀ ਕਰ ਦਿੱਤੀ। ਪਹਿਲਾਂ 7-7 ਘੰਟੇ ਬਿਜਲੀ ਦੇ ਕੱਟ ਲੱਗਦੇ ਸਨ। ਸਾਡੀ ਨੀਅਤ ਸਾਫ਼ ਹੈ ਅਸੀਂ ਪੈਸੇ ਨਹੀਂ ਖਾਂਦੇ। ਅਸੀਂ ਪੂਰੀ ਸ਼ਿੱਦਤ ਨਾਲ ਪੰਜਾਬ ਸਰਕਾਰ ਚਲਾਉਣ ਲਈ ਲੱਗੇ ਹੋਏ ਹਾਂ। ਪੂਰੇ ਪੰਜਾਬ ਅੰਦਰ ਸਕੂਲ ਬਣਾ ਰਹੇ ਹਾਂ। ਹਸਪਤਾਲਾਂ ਵਿਚ ਦਵਾਈਆਂ ਮੁਫ਼ਤ ਕਰ ਦਿੱਤੀਆਂ, ਬਹੁਤ ਕੰਮ ਹੋ ਰਹੇ ਹਨ ਪਰ ਕੇਂਦਰ ਸਰਕਾਰ ਅਤੇ ਗਵਰਨਰ ਮਿਲ ਕੇ ਹਰ ਕੰਮ ਰੋਕ ਰਹੇ ਹਨ।

ਦਿੱਲੀ ਦੇ ਲੋਕਾਂ ਨੇ ਠਾਣ ਲਿਆ ਕਿ ਸੱਤੋਂ ਦੀਆਂ ਸੱਤੋਂ ਸੀਟਾਂ ਆਮ ਆਦਮੀ ਪਾਰਟੀ ਨੂੰ ਦੇਣਗੇ। ਅੱਜ ਮੈਂ ਪੰਜਾਬ ਦੇ ਲੋਕਾਂ ਨੂੰ ਪੁੱਛਣ ਆਇਆ ਹਾਂ ਕਿ ਜੇਕਰ ਤੁਸੀਂ ਲੋਕ ਸਭਾ ਦੀਆਂ 13 ਦੀਆਂ 13 ਸੀਟਾਂ ਆਮ ਆਦਮੀ ਪਾਰਟੀ ਨੂੰ ਦੇ ਦਿੱਤੀਆਂ ਤਾਂ ਮਾਨ ਸਰਕਾਰ ਦੇ ਹੱਥ ਮਜ਼ਬੂਤ ਹੋਣਗੇ। ਕਿਸੇ ਦੀ ਹਿੰਮਤ ਨਹੀਂ ਹੋਵੇਗੀ, ਤੁਹਾਡਾ ਇਕ ਵੀ ਕੰਮ ਰੁਕੇਗਾ।