ਕਪੂਰਥਲਾ | ਜ਼ਿਲੇ ਦੇ ਇਕ ਨਿਹੰਗ ਨੌਜਵਾਨ ਨੇ ਫੇਸਬੁੱਕ ‘ਤੇ ਬੈਲਜੀਅਮ ਦੀ ਲੜਕੀ ਜਗਦੀਪ (ਬਦਲਿਆ ਹੋਇਆ ਨਾਂ) ਨਾਲ ਦੋਸਤੀ ਕੀਤੀ, ਉਨ੍ਹਾਂ ਦੀ ਦੋਸਤੀ ਪਿਆਰ ਵਿਚ ਬਦਲ ਗਈ। ਬੱਸ ਫਿਰ ਕੀ ਸੀ ਕਿ ਬੈਲਜ਼ੀਅਮ ਦੀ ਕੁੜੀ ਨੇ ਸਾਰੇ ਰਿਸ਼ਤੇ ਤੋੜ ਲਏ ਅਤੇ ਕਪੂਰਥਲਾ ਪਹੁੰਚ ਕੇ ਪੰਜਾਬੀ ਨਿਹੰਗ ਨੌਜਵਾਨ ਜ਼ੈਲ ਸਿੰਘ ਨਾਲ ਸਿੱਖ ਰੀਤੀ-ਰਿਵਾਜਾਂ ਅਨੁਸਾਰ ਵਿਆਹ ਕਰਵਾ ਲਿਆ। ਇੰਨਾ ਹੀ ਨਹੀਂ ਲੜਕੀ ਨੇ ਨਿਹੰਗ ਦਾ ਚੋਲਾ ਪਾ ਕੇ ਅੰਮ੍ਰਿਤ ਛਕ ਕੇ ਸਿੱਖ ਧਰਮ ਵੀ ਅਪਣਾ ਲਿਆ ਹੈ।
ਕਪੂਰਥਲਾ ਨੇੜਲੇ ਪਿੰਡ ਸਿੱਧਵਾਂ ਦੋਨਾ ਦੇ ਰਹਿਣ ਵਾਲੇ ਨਿਹੰਗ ਨੌਜਵਾਨ ਜੈਲ ਸਿੰਘ ਨੇ ਫੇਸਬੁੱਕ ਰਾਹੀਂ ਬੈਲਜ਼ੀਅਮ ਦੀ ਲੜਕੀ ਜਗਦੀਪ ਨਾਲ ਦੋਸਤੀ ਕੀਤੀ। ਫਿਰ ਦੋਹਾਂ ਵਿਚਕਾਰ ਗੱਲਬਾਤ ਹੋਈ ਅਤੇ ਗੱਲਬਾਤ ਦਾ ਸਿਲਸਿਲਾ ਚੱਲ ਰਿਹਾ ਸੀ ਕਿ ਪਤਾ ਨਹੀਂ ਕਦੋਂ ਦੋਵਾਂ ਦੀ ਨੇੜਤਾ ਇੰਨੀ ਵਧ ਗਈ ਕਿ ਦੋਵੇਂ ਇਕ-ਦੂਜੇ ਦੇ ਜੀਵਨ ਸਾਥੀ ਬਣਨ ਲਈ ਰਾਜ਼ੀ ਹੋ ਗਏ।
ਜਗਦੀਪ ਬੈਲਜੀਅਮ ਛੱਡ ਕੇ ਕਰੀਬ ਅੱਠ ਮਹੀਨੇ ਪਹਿਲਾਂ ਕਪੂਰਥਲਾ ਪਹੁੰਚੀ ਅਤੇ ਸਿੱਖ ਧਰਮ ਦੇ ਰੀਤੀ-ਰਿਵਾਜਾਂ ਅਨੁਸਾਰ ਨਿਹੰਗ ਜ਼ੈਲ ਸਿੰਘ ਨਾਲ ਵਿਆਹ ਕਰਵਾ ਲਿਆ। ਇਸ ਦੇ ਨਾਲ ਹੀ ਜਗਦੀਪ ਕੌਰ ਨੇ ਵੀ ਅੰਮ੍ਰਿਤ ਛਕ ਕੇ ਸਿੱਖੀ ਨੂੰ ਅਪਣਾ ਲਿਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ ‘ਤੇ ਮੱਥਾ ਟੇਕਣ ਲਈ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਪਹੁੰਚਣ ‘ਤੇ ਬਹੁਤ ਸਾਰੇ ਲੋਕ ਦੋਵਾਂ ਨਾਲ ਸੈਲਫੀ ਲੈਂਦੇ ਦੇਖੇ ਗਏ। ਨਿਹੰਗ ਨੌਜਵਾਨ ਜੈਲ ਸਿੰਘ ਅਨੁਸਾਰ ਉਸ ਦੀ ਕਰੀਬ ਇਕ ਸਾਲ ਪਹਿਲਾਂ ਫੇਸਬੁੱਕ ‘ਤੇ ਬੈਲਜ਼ੀਅਮ ਵਾਸੀ ਜਗਦੀਪ ਨਾਲ ਦੋਸਤੀ ਹੋਈ ਸੀ।
ਜਗਦੀਪ ਨੂੰ ਪਹਿਲਾਂ ਪੰਜਾਬੀ ਭਾਸ਼ਾ ਨਹੀਂ ਸਮਝ ਆਉਂਦੀ ਸੀ, ਉਹ ਸਿਰਫ਼ ਅੰਗਰੇਜ਼ੀ ਹੀ ਸਮਝਦੀ ਸੀ। ਫੇਸਬੁੱਕ ‘ਤੇ ਚੈਟਿੰਗ ਕਰਦੇ ਹੋਏ ਦੋਵੇਂ ਇਕ-ਦੂਜੇ ਨੂੰ ਪਿਆਰ ਕਰਨ ਲੱਗ ਪਏ ਅਤੇ ਜਦੋਂ ਜਗਦੀਪ ਕਪੂਰਥਲਾ ਆਈ ਤਾਂ ਉਨ੍ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਆਨੰਦ ਮਾਣਿਆ। ਹੁਣ ਉਹ ਇੱਕ ਦੂਜੇ ਦੇ ਜੀਵਨ ਸਾਥੀ ਹਨ। ਜਗਦੀਪ ਵੀ ਇੱਥੇ ਪੰਜਾਬੀ ਸਿੱਖ ਰਹੀ ਹੈ ਅਤੇ ਇੱਥੋਂ ਦੇ ਸੱਭਿਆਚਾਰ ਵਿੱਚ ਆਉਣ ਲਈ ਆਪਣੇ ਆਪ ਨੂੰ ਤਿਆਰ ਕਰ ਰਹੀ ਹੈ।