ਹੁਸ਼ਿਆਰਪੁਰ। ਪੰਜਾਬ ਵਿਚ ਚੱਲ ਰਹੀ ਗੁੰਡਾਗਰਦੀ ਨੂੰ ਲੈ ਕੇ ਪੁਲਿਸ ਵਲੋਂ ਚਲਾਈ ਜਾ ਰਹੀ ਮੁਹਿੰਮ ਦੇ ਚਲਦੇ ਹੋਏ ਅੱਜ ਹੁਸ਼ਿਆਰਪੁਰ ਪੁਲਿਸ ਨੂੰ ਉਦੋਂ ਵੱਡੀ ਸਫਲਤਾ ਹੱਥ ਲੱਗੀ ਜਦੋਂ ਗੁਪਤ ਸੂਚਨਾ ਦੇ ਅਧਾਰ ਉਤੇ ਗੜ੍ਹਸ਼ੰਕਰ ਪੁਲਿਸ ਨੇ ਇਕ ਨਾਮੀ ਗੈਂਗਸਟਰ ਕੁਲਵੰਤ ਸਿੰਘ ਗੋਪਾ ਸਣੇ 5 ਹੋਰਾਂ ਨੂੰ ਹਿਰਾਸਤ ਵਿਚ ਲਿਆ ਹੈ। ਜਿਨ੍ਹਾਂ ਤੋਂ ਪੁਲਿਸ ਨੇ ਦੋ ਪਿਸਟਲ, ਇਕ ਦੇਸੀ ਕੱਟਾ, 3 ਮੈਗਜੀਨ, 7 ਜਿੰਦਾ ਰੌਂਦ, ਕੁਝ ਤੇਜਧਾਰ ਹਥਿਆਰ, ਇਕ ਸਵਿਫਟ ਕਾਰ ਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਹੈ।

ਜਾਣਕਾਰੀ ਦਿੰਦੇ ਹੋਏ ਜਿਲਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਨੇ ਕਿਹਾ ਕਿ ਫੜੇ ਗਏ ਨੌਜਵਾਨਾਂ ਵਿਚ ਮੁਖ ਸਰਗਣਾ ਕੁਲਵੰਤ ਸਿੰਘ ਗੋਪਾ ਹੈ, ਜਿਸ ਉਤੇ ਹੋਰ ਧਾਰਾਵਾਂ ਤਹਿਤ 10 ਮਾਮਲੇ ਦਰਜ ਹਨ। ਗੋਪਾ ਇਕ ਸਾਲ ਪਹਿਲਾਂ ਨਾਮੀ ਗੈਂਗਸਟਰ ਰਵੀ ਬਲਾਚੌਰੀਆ ਦਾ ਸਾਥੀ ਰਿਹਾ ਹੈ। ਗੋਪਾ ਹੁਣ ਆਪਣਾ ਵੱਖਰਾ ਗੈਂਗ ਚਲਾ ਰਿਹਾ ਹੈ।

ਲੁਧਿਆਣਾ ਵਿਚ ਇਨ੍ਹਾਂ ਨੇ ਇਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ, ਜਿਸ ਵਿਚ ਇਨ੍ਹਾਂ ਨੇ ਗੰਨ ਪੁਆਇੰਟ ਤੇ ਇਕ ਕਾਰ ਖੋਹੀ ਸੀ। ਹੁਣ ਅਦਾਲਤ ਵਿਚ ਪੇਸ਼ ਕਰਕੇ ਇਨ੍ਹਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਕਿ ਹੋਰ ਵਾਰਦਾਤਾਂ ਦਾ ਪਤਾ ਲਗਾਇਆ ਜਾ ਸਕੇ।

ਜਿਕਰਯੋਗ ਹੈ ਕਿ ਰਵੀ ਬਲਾਚੌਰੀਆ ਹੁਸ਼ਿਆਰਪੁਰ ਜੇਲ ਵਿਚ ਬੰਦ ਸੀ, ਜੋ ਹੁਣ ਅੰਮ੍ਰਿਤਸਰ ਜੇਲ ਵਿਚ ਬੰਦ ਹੈ, ਜਿਸਦਾ ਸਾਥੀ ਗੋਪਾ ਹੁਣ ਹੁਸ਼ਿਆਰਪੁਰ ਪੁਲਿਸ ਦੇ ਹੱਥੇ ਚੜ੍ਹਿਆ ਹੈ। ਜਿਸ ਉਤੇ ਲਗਭਗ 10 ਮਾਮਲੇ ਦਰਜ ਹਨ ਤੇ ਕਈ ਮਾਮਲਿਆਂ ਵਿਚ ਉਹ ਭਗੌੜਾ ਕਰਾਰ ਦੱਸਿਆ ਜਾ ਰਿਹਾ ਹੈ।