ਲੁਧਿਆਣਾ| ਸ਼ਹਿਰ ਵਿਚ ਸਵਾਈਨ ਫਲੂ ਦਾ ਕਹਿਰ ਵਧਦਾ ਜਾ ਰਿਹਾ ਹੈ। ਸਵਾਈਨ ਫਲੂ ਦੇ ਦੋ ਮਹੀਨਿਆਂ ‘ਚ 54 ਦੇ ਕਰੀਬ ਮਰੀਜ਼ ਸਾਹਮਣੇ ਆਏ। ਸਵਾਈਨ ਫਲੂ ਦੇ 11 ਮਰੀਜ਼ਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ।
ਇਸ ਤੋਂ ਇਲਾਵਾ 10 ਦੇ ਕਰੀਬ ਸਵਾਈਨ ਫਲੂ ਦੇ ਮਰੀਜ਼ ਅਜੇ ਵੀ ਹਸਪਤਾਲਾਂ ‘ਚ ਦਾਖ਼ਲ ਹਨ। 232 ਦੇ ਕਰੀਬ ਮਰੀਜ਼ ਸ਼ੱਕੀ ਪਾਏ ਜਾ ਚੁੱਕੇ ਹਨ। ਲੁਧਿਆਣਾ ‘ਚ ਪਹਿਲੀ ਵਾਰ ਸਵਾਈਨ ਫਲੂ ਦੇ ਇੰਨੇ ਕੇਸ ਤੇ ਇੰਨੀਆਂ ਮੌਤਾਂ ਹੋਈਆਂ ਹਨ। ਸਵਾਈਨ ਫਲੂ ਦੇ ਮਰੀਜ਼ਾਂ ਦੀ ਗਿਣਤੀ ਵੱਧਣ ਨਾਲ ਹੁਣ ਸਿਹਤ ਵਿਭਾਗ ਦੀ ਚਿੰਤਾ ਵਧ ਗਈ ਹੈ।

ਡਾ. ਹਤਿੰਦਰ ਕੌਰ ਸਿਵਲ ਸਰਜਨ ਨੇ ਲੁਧਿਆਣਾ ਵਾਸੀਆਂ ਨੂੰ ਭੀੜ ਵਾਲੇ ਇਲਾਕਿਆਂ ‘ਚ ਜਾਣ ਨੂੰ ਮਨ੍ਹਾ ਕੀਤਾ ਤੇ ਨਾਲ ਹੀ ਹਦਾਇਤਾਂ ਦਿੱਤੀਆਂ ਹਨ ਕਿ ਬਾਹਰ ਜਾਣ ਵੇਲੇ ਮਾਸਕ ਪਾ ਕੇ ਰੱਖੋ।ਸਵਾਈਨ ਫਲੂ ਇੱਕ ਛੂਤ ਦੀ ਬਿਮਾਰੀ ਹੈ ਜੋ ਆਮ ਮੌਸਮੀ ਫਲੂ ਵਾਂਗ ਇੱਕ ਤੋਂ ਦੂਜੇ ਵਿਅਕਤੀ ਤਕ ਫੈਲਦੀ ਹੈ। ਇਸ ਦਾ ਵਾਇਰਸ ਖੰਘ ਜਾਂ ਨਜ਼ਲੇ ਵਾਲੇ ਮਰੀਜ਼ਾਂ ਦੇ ਖੰਘਣ ਜਾਂ ਨਜ਼ਲੇ ਦੇ ਤਰਲ-ਕਣਾਂ ਨਾਲ ਹਵਾ ਵਿੱਚ ਰਲ ਕੇ ਤੰਦਰੁਸਤ ਵਿਅਕਤੀ ਤਕ ਪੁੱਜਦਾ ਹੈ। ਇਸੇ ਤਰ੍ਹਾਂ ਜੇਕਰ ਰੋਗੀ ਨੇ ਕਿਸੇ ਬੂਹੇ ਦੇ ਹੈਂਡਲ ਨੂੰ ਛੋਹਿਆ ਹੋਵੇ ਜਾਂ ਹੋਰ ਕਿਤੇ ਵੀ ਇਨਫੈਕਸ਼ਨ ਛੱਡੀ ਹੋਵੇ ਜਿਵੇਂ ਬੱਸਾਂ-ਗੱਡੀਆਂ, ਸਾਂਝੇ ਗ਼ੁਸਲਖ਼ਾਨੇ, ਤੌਲੀਆ ਜਾਂ ਹੋਰ ਕਪੜੇ ਆਦਿ  ਉਸ ਵਸਤੂ ਨੂੰ ਛੂਹਣ ਜਾਂ ਵਰਤਣ ਨਾਲ ਸਵਾਈਨ ਫਲੂ ਦਾ ਵਾਇਰਸ (ਐਚ1ਐਨ1) ਤੁਹਾਡੇ ਅੰਦਰ ਜਾ ਸਕਦਾ ਹੈ।