ਅੰਮ੍ਰਿਤਸਰ, 7 ਜਨਵਰੀ | ਟਾਹਲੀ ਵਾਲਾ ਚੌਂਕ ਸਥਿਤ ਕਿੱਤਿਆਂ ਵਾਲੇ ਬਾਜ਼ਾਰ ਵਿੱਚ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਮੁਰੰਮਤ ਅਧੀਨ ਇੱਕ ਚਾਰ ਮੰਜ਼ਿਲਾਂ ਇਮਾਰਤ ਅਚਾਨਕ ਢਹਿ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਇਮਾਰਤ ਡਿੱਗਣ ਦੇ ਦ੍ਰਿਸ਼ ਕੈਦ ਹੋਏ ਹਨ।

ਮਿਲੀ ਜਾਣਕਾਰੀ ਮੁਤਾਬਕ, ਇਮਾਰਤ ਅੰਦਰ ਮੁਰੰਮਤ ਅਤੇ ਬਣਤਰ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਅਚਾਨਕ ਇਮਾਰਤ ਦਾ ਇੱਕ ਵੱਡਾ ਹਿੱਸਾ ਡਿੱਗ ਪਿਆ। ਹਾਦਸੇ ਵਿੱਚ ਅੰਦਰ ਕੰਮ ਕਰ ਰਹੇ ਰਹਿਮ ਮਿਸਤਰੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਭੇਜਿਆ ਗਿਆ। ਇਸ ਤੋਂ ਇਲਾਵਾ ਇੱਕ ਹੋਰ ਮਜ਼ਦੂਰ ਮਲਬੇ ਹੇਠਾਂ ਬੁਰੀ ਤਰ੍ਹਾਂ ਫਸ ਗਿਆ।

ਘਟਨਾ ਦੀ ਸੂਚਨਾ ਮਿਲਦੇ ਹੀ ਇਲਾਕਾ ਵਾਸੀਆਂ ਨੇ ਤੁਰੰਤ ਪ੍ਰਸ਼ਾਸਨ ਅਤੇ ਪੁਲਿਸ ਨੂੰ ਜਾਣਕਾਰੀ ਦਿੱਤੀ। ਥਾਣਾ ਬੀ ਡਵੀਜ਼ਨ ਦੀ ਪੁਲਿਸ ਅਤੇ ਰੈਸਕਿਊ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਸਥਾਨਕ ਲੋਕਾਂ ਦੀ ਮਦਦ ਨਾਲ ਕਰੀਬ ਡੇਢ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਫਸੇ ਹੋਏ ਮਜ਼ਦੂਰ ਨੂੰ ਸੁਰੱਖਿਅਤ ਤਰੀਕੇ ਨਾਲ ਮਲਬੇ ਵਿੱਚੋਂ ਬਾਹਰ ਕੱਢ ਲਿਆ ਗਿਆ। ਰੈਸਕਿਊ ਉਪਰੰਤ ਉਸ ਮਜ਼ਦੂਰ ਨੂੰ ਵੀ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ।

ਪੁਲਿਸ ਵੱਲੋਂ ਮੌਕੇ ਨੂੰ ਸੀਲ ਕਰਕੇ ਇਮਾਰਤ ਡਿੱਗਣ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ ਹਾਦਸੇ ਦੇ ਸਹੀ ਕਾਰਨ ਸਪਸ਼ਟ ਨਹੀਂ ਹੋ ਸਕੇ ਹਨ।

ਥਾਣਾ ਬੀ ਡਵੀਜ਼ਨ ਦੇ ਐਸਐਚਓ ਬਲਜਿੰਦਰ ਸਿੰਘ ਨੇ ਦੱਸਿਆ ਕਿ ਟਾਹਲੀ ਵਾਲਾ ਚੌਂਕ ਨੇੜੇ ਚਾਰ ਮੰਜ਼ਿਲਾਂ ਬਿਲਡਿੰਗ ਵਿੱਚ ਕੰਮ ਚੱਲ ਰਿਹਾ ਸੀ, ਜੋ ਅਚਾਨਕ ਢਹਿ ਗਈ। ਹਾਦਸੇ ਵਿੱਚ ਦੋ ਮਜ਼ਦੂਰ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ਨੂੰ ਸਮੇਂ ਸਿਰ ਰੈਸਕਿਊ ਕਰ ਲਿਆ ਗਿਆ ਹੈ। ਦੋਵੇਂ ਦੀ ਹਾਲਤ ਹੁਣ ਸਥਿਰ ਦੱਸੀ ਜਾ ਰਹੀ ਹੈ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।