ਲੁਧਿਆਣਾ| ਰਾਜਗੁਰੂ ਨਗਰ ਸਥਿਤ ਸਾਬਕਾ ਫੂਡ ਸਪਲਾਈ ਦੇ ਡਾਇਰੈਕਟਰ ਆਰ ਕੇ ਸਿੰਗਲਾ ਦੇ ਘਰ ਵਿਜੀਲੈਂਸ ਵਿਭਾਗ ਨੇ ਛਾਪੇਮਾਰੀ ਕਰਦੇ ਹੋਏ ਡੇਢ ਲੱਖ ਰੁਪਏ ਦੀ ਨਕਦੀ ਅਤੇ ਗਹਿਣੇ ਬਰਾਮਦ ਕੀਤੇ। ਉਧਰ ਟੀਮ ਇਹ ਵੀ ਦੱਸਦੀ ਹੈ ਕਿ ਸਾਬਕਾ ਡਾਇਰੈਕਟਰ ਸਿੰਗਲਾ ਟੈਂਡਰ ਘੁਟਾਲਾ ਮਾਮਲੇ ਤੋਂ ਬਾਅਦ ਫਰਾਰ ਚੱਲ ਰਹੇ ਹਨ।

ਇਸ ਸੰਬੰਧ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐੱਸ.ਐੱਸ.ਪੀ. ਵਿਜੀਲੈਂਸ ਅਰਵਿੰਦਰਪਾਲ ਸਿੰਘ ਸੰਧੂ ਨੇ ਕਿਹਾ ਕਿ ਟੈਕਨੀਕਲ ਟੀਮ ਦੇ ਨਾਲ ਮਿਲ ਕੇ ਅੱਜ ਵਿਜੀਲੈਂਸ ਵਿਭਾਗ ਨੇ ਆਰ. ਕੇ. ਸਿੰਗਲਾ ਦੇ ਘਰ ਰੇਡ ਕੀਤੀ ਹੈ ਅਤੇ ਬੰਦ ਪਈ ਕੋਠੀ ਦੇ ਅੰਦਰ ਉਨ੍ਹਾਂ ਨੂੰ ਕਈ ਦਸਤਾਵੇਜ਼ ਹੋਣ ਦੀ ਅਸ਼ੰਕਾ ਸੀ, ਜਿਸ ਕਾਰਨ ਡੇਢ ਲੱਖ ਰੁਪਏ ਦੀ ਨਗਦੀ, ਡਾਕੂਮੈਂਟ ਅਤੇ ਸੋਨਾ ਚਾਂਦੀ ਵੀ ਬਰਾਮਦ ਹੋਈ ਹੈ । ਉਨ੍ਹਾਂ ਕਿਹਾ ਕਿ ਇਸ ਮਾਮਲੇ ਚ ਜਾਂਚ ਚੱਲ ਰਹੀ ਹੈ ਅਤੇ ਚੰਡੀਗੜ੍ਹ ਤੋਂ ਵੀ ਟੀਮ ਆ ਰਹੀ ਹੈ । ਉਨ੍ਹਾਂ ਇਹ ਵੀ ਕਿਹਾ ਕਿ ਆਰ ਕੇ ਸਿੰਗਲਾ ਵਿਦੇਸ਼ ਦੇ ਵਿੱਚ ਹੈ ਅਤੇ ਕੋਠੀ ਬੰਦ ਸੀ । ਸਰਚ ਵਾਰੰਟ ਦੇ ਚਲਦਿਆਂ ਕੋਠੀ ਦੀ ਪੁਮਾਇਸ਼ ਵੀ ਕੀਤੀ ਗਈ ਹੈ।