ਚੰਡੀਗੜ੍ਹ। ਭਾਰੀ ਬਾਰਿਸ਼ ਮਗਰੋਂ ਚੰਡੀਗੜ੍ਹ ਵੀ ਹੜ੍ਹ ਦੀ ਲਪੇਟ ਵਿੱਚ ਆ ਗਿਆ ਹੈ। ਪਾਣੀ ਦਾ ਪੱਧਰ ਵਧਣ ਕਰਕੇ ਚੰਡੀਗੜ੍ਹ ਦੀ ਸੁਖਨਾ ਝੀਲ ਦਾ ਇੱਕ ਫਲੱਡ ਗੇਟ ਕੁਝ ਸਮੇਂ ਲਈ ਖੋਲ੍ਹਿਆ ਗਿਆ। ਵੇਖਦਿਆਂ-ਵੇਖਦਿਆਂ ਹੀ ਇਸ ਦੇ ਆਲੇ-ਦੁਆਲੇ ਦਾ ਇਲਾਕਾ ਪਾਣੀ ਨਾਲ ਭਰ ਗਿਆ। ਇਸ ਕਾਰਨ ਚੰਡੀਗੜ੍ਹ ਟ੍ਰੈਫਿਕ ਪੁਲਿਸ ਨੂੰ ਅਲਰਟ ਜਾਰੀ ਕਰਨਾ ਪਿਆ।

ਟ੍ਰੈਫਿਕ ਪੁਲਿਸ ਨੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਦੱਸਿਆ ਕਿ ਸੁਖਨਾ ਝੀਲ ਦੇ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ‘ਤੇ ਪਹੁੰਚਣ ਤੋਂ ਬਾਅਦ ਇੰਜੀਨੀਅਰਿੰਗ ਵਿਭਾਗ ਵੱਲੋਂ ਸੁਖਨਾ ਝੀਲ ਦੇ ਰੈਗੂਲੇਟਰੀ ਐਂਡ ਗੇਟ ਨੂੰ ਖੋਲ੍ਹ ਦਿੱਤਾ ਗਿਆ ਹੈ। ਅਜਿਹੇ ‘ਚ ਓਵਰਫਲੋਅ ਹੋਣ ਕਾਰਨ ਕਈ ਥਾਵਾਂ ‘ਤੇ ਆਵਾਜਾਈ ਨੂੰ ਡਾਇਵਰਟ ਕੀਤਾ ਜਾ ਰਿਹਾ ਹੈ।

ਇਸ ਨਾਲ ਕਿਸ਼ਨਗੜ੍ਹ ਨੇੜੇ ਪੁਲ ’ਤੇ ਪਾਣੀ ਭਰਨ ਦੀ ਸਥਿਤੀ ਪੈਦਾ ਹੋ ਗਈ। ਸੁਖਨਾ ਝੀਲ ਦੇ ਪਿੱਛੇ ਕਿਸ਼ਨਗੜ੍ਹ ਵਾਲੇ ਪਾਸੇ ਦੀ ਹਾਲਤ ਖਰਾਬ ਹੈ। ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਲੋਕਾਂ ਨੂੰ ਸਬੰਧਤ ਰਸਤੇ ਤੋਂ ਨਾ ਲੰਘਣ ਲਈ ਕਿਹਾ ਗਿਆ ਹੈ।

ਇਸੇ ਤਰ੍ਹਾਂ ਉਦਯੋਗਿਕ ਖੇਤਰ ਫੇਜ਼-1 ਵਿੱਚ ਸੀਟੀਯੂ ਵਰਕਸ਼ਾਪ ਨੇੜੇ ਵੀ ਰੇਲਵੇ ਅੰਡਰ ਬ੍ਰਿਜ ’ਤੇ ਭਾਰੀ ਪਾਣੀ ਭਰਨ ਦੀ ਸਥਿਤੀ ਪੈਦਾ ਹੋ ਗਈ।