ਫਗਵਾੜਾ. ਫਗਵਾੜਾ ‘ਚ ਸ਼ੁੱਕਰਵਾਰ ਨੂੰ 5 ਹੋਰ ਲੋਕਾਂ ‘ਚ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋਈ ਹੈ। ਅੱਜ ਦੇ ਮਿਲੇ ਕੇਸਾਂ ਨੂੰ ਮਿਲਾ ਕੇ ਹੁਣ ਤੱਕ ਕੁੱਲ ਕਪੂਰਥਲਾ ‘ਚ 24 ਪਾਜ਼ੇਟਿਵ ਕੇਸ ਪਾਏ ਗਏ ਹਨ, ਜਿਨ੍ਹਾਂ ‘ਚ ਫਗਵਾੜਾ, ਸੁਲਤਾਨਪੁਰ ਲੋਧੀ ਅਤੇ ਹਲਕਾ ਭੁਲੱਥ ਦੇ ਕੇਸ ਵੀ ਸ਼ਾਮਲ ਹਨ।

ਜਾਣਕਾਰੀ ਮੁਤਾਬਕ ਸਿਹਤ ਵਿਭਾਗ ਫਗਵਾੜਾ ਦੀ ਟੀਮ ਵੱਲੋਂ ਅੱਜ ਸਾਹਮਣੇ ਆਏ 5 ਪਾਜ਼ੀਟਿਵ ਪੀੜਤਾਂ ਨੂੰ ਸਥਾਨਕ ਨਿੱਜੀ ਯੂਨੀਵਰਸਿਟੀ ‘ਚ ਬਣਾਏ ਗਏ ਆਈਸੋਲੇਸ਼ਨ ਵਾਰਡ ‘ਚ ਸ਼ਿਫਟ ਕੀਤਾ ਜਾ ਰਿਹਾ ਹੈ। ਇਸ ਦੀ ਪੁਸ਼ਟੀ ਡਿਪਟੀ ਕਮਿਸ਼ਨਰ ਦੀਪਤੀ ਉੱਪਲ ਵੱਲੋਂ ਵੀ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਇਹ ਸਾਰੇ ਪੀੜਤ ਸਿਵਲ ਹਸਪਤਾਲ ਫਗਵਾੜਾ ਦੇ ਆਈਸੋਲੇਸ਼ਨ ਵਾਰਡ ‘ਚ ਕੁਆਰੰਟਾਈਨ ਕੀਤੇ ਗਏ ਸਨ। ਇਨ੍ਹਾਂ ‘ਚੋਂ 2 ਕੇਸ ਪਿੰਡ ਨਰੂੜ ਨਾਲ ਸਬੰਧਤ ਦੱਸੇ ਜਾ ਰਹੇ ਹਨ ਜਦਕਿ ਬਾਕੀ ਤਿੰਨ ਨੇੜਲੇ ਪਿੰਡਾਂ ਨਾਲ ਸਬੰਧਤ ਹਨ।