ਜਲੰਧਰ. ਕੋਰੋਨਾ ਦੇ ਅੱਜ ਜਿੱਥੇ 17 ਪਾਜੀਟਿਵ ਕੇਸ ਆਏ ਹਨ, ਉੱਥੇ ਹੀ ਰਾਹਤ ਵਾਲੀ ਖਬਰ ਸਾਹਮਣੇ ਆਈ ਹੈ ਕਿ ਅੱਜ ਕੋਰੋਨਾ ਪਾਜੀਟਿਵ ਪੰਜ ਮਰੀਜ਼ਾਂ ਨੂੰ ਸਰਕਾਰੀ ਮੈਰੀਟੋਰੀਅਸ ਸਕੂਲ ਵਿਖੇ ਬਣਾਏ ਗਏ ਕੋਵਿਡ ਕੇਅਰ ਸੈਂਟਰ ਤੋਂ ਛੁੱਟੀ ਦਿੱਤੀ ਗਈ। ਜਿਨ੍ਹਾਂ ਮਰੀਜ਼ਾਂ ਨੂੰ ਅੱਜ ਛੁੱਟੀ ਦਿੱਤੀ ਗਈ ਉਨਾਂ ਵਿੱਚ ਦੀਪਕ ਕੁਮਾਰ (35), ਅਮਨ ਕੁਮਾਰ (32), ਸੋਨੂੰ ਸਿੰਘ (20), ਧਰਮਿੰਦਰ ਸਿੰਘ (36) ਅਤੇ ਸੁਖਦੇਵ ਲਾਲ (45) ਹਨ ਜਿਨਾਂ ਨੂੰ ਕੋਰੋਨਾ ਪਾਜੀਟਿਵ ਪਾਏ ਜਾਣ ‘ਤੇ ਕੋਵਿਡ ਕੇਅਰ ਸੈਂਟਰ ਵਿਖੇ ਦਾਖਲ ਕਰਵਾਇਆ ਗਿਆ ਜਿਥੇ ਉਨਾ ਦਾ ਸੀਨੀਅਰ ਮੈਡੀਕਲ ਅਫ਼ਸਰ ਡਾ.ਜਗਦੀਸ਼ ਕੁਮਾਰ ਦੀ ਅਗਵਾਈ ਵਾਲੀ ਟੀਮ ਵਲੋਂ ਇਲਾਜ ਕੀਤਾ ਗਿਆ।
ਇਨ੍ਹਾਂ ਮਰੀਜ਼ਾਂ ਨੂੰ ਅੱਜ ਸਿਹਤ ਵਿਭਾਗ ਦੇ ਨਵੇਂ ਪ੍ਰੋਟੋਕਾਲ ਜਿਸ ਅਨੁਸਾਰ ਮਰੀਜ਼ ਵਿੱਚ ਵਾਇਰਸ ਦੇ ਲੱਛਣ ਸ਼ੁਰੂ ਹੋਣ ਤੋਂ 10 ਦਿਨਾਂ ਬਾਅਦ ਉਸ ਨੂੰ ਆਕਸੀਜਨ ਦੀ ਲੋੜ ਨਹੀਂ ਪੈਂਦੀ ਅਤੇ ਉਸ ਨੂੰ ਪਿਛਲੇ ਤਿੰਨ ਦਿਨਾਂ ਤੋਂ ਬੁਖ਼ਾਰ ਵੀ ਨਹੀਂ ਹੋਇਆ ਛੁੱਟੀ ਦੇਣ ਦੇ ਯੋਗ ਹੈ ਤਹਿਤ ਛੁੱਟੀ ਦਿੱਤੀ ਗਈ।
ਛੁੱਟੀ ਮਿਲਣ ਉਪਰੰਤ ਇਨ੍ਹਾਂ ਮਰੀਜ਼ਾਂ ਵਲੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਕੋਵਿਡ-19 ਤੋਂ ਪ੍ਰਭਾਵਿਤ ਲੋਕਾਂ ਨੂੰ ਮਿਆਰੀ ਇਲਾਜ ਮੁਹੱਈਆ ਕਰਵਾਉਣ ਲਈ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਉਨ੍ਹਾਂ ਵਲੋਂ ਇਸ ਔਖੀ ਘੜੀ ਵਿੱਚ ਡਾਕਟਰਾਂ ਅਤੇ ਹੋਰਨਾਂ ਸਿਹਤ ਅਮਲੇ ਵਲੋਂ ਕੀਤੇ ਗਏ ਵਧੀਆ ਇਲਾਜ ਦੀ ਵੀ ਪ੍ਰਸ਼ੰਸਾ ਕੀਤੀ ਗਈ।
ਇਸ ਮੌਕੇ ਡਾਕਟਰਾਂ ਅਤੇ ਸਮੁੱਚੇ ਅਮਲੇ ਨੂੰ ਵਧਾਈ ਦਿੰਦਿਆਂ ਸਿਵਲ ਸਰਜਨ ਡਾ.ਗੁਰਿੰਦਰ ਕੌਰ ਚਾਵਲਾ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੋਰੋਨਾ ਵਾਇਰਸ ਖਿਲਾਫ਼ ਲੜੀ ਜਾ ਰਹੀ ਜੰਗ ਦੌਰਾਨ ਇਹ ਇਕ ਵੱਡੀ ਰਾਹਤ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਮੈਡੀਕਲ ਮਾਹਿਰਾਂ ਦੀ ਵਚਨਬੱਧਤਾ ਅਤੇ ਹਰੇਕ ਪੰਜਾਬ ਵਾਸੀ ਖਾਸ ਕਰਕੇ ਜਲੰਧਰ ਵਾਸੀਆਂ ਦੀ ਦ੍ਰਿੜ ਇੱਛਾ ਸ਼ਕਤੀ ਨਾਲ ਕੋਰੋਨਾ ਵਾਇਰਸ ਖਿਲਾਫ਼ ਜੰਗ ਨੂੰ ਜਿੱਤ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਘਨਸ਼ਿਆਮ ਥੋਰੀ ਦੀ ਅਗਵਾਈ ਵਿੱਚ ਸਿਹਤ ਵਿਭਾਗ ਕੋਰੋਨਾ ਵਾਇਰਸ ਖਿਲਾਫ਼ ਜੰਗ ਹਰ ਹਾਲ ਵਿੱਚ ਜਿੱਤਣ ਲਈ ਪਾਬੰਦ ਹੈ।