ਫਿਰੋਜ਼ਪੁਰ| ਦੇਸ਼ ਅੰਦਰ ਸ਼ੋਸਲ ਮੀਡੀਆ ਦੇ ਰਾਹੀਂ ਜਿਥੇ ਲੋਕਾਂ ਵੱਲੋਂ ਚੰਗੇ ਕੰਮ ਕੀਤੇ ਜਾ ਰਹੇ ਹਨ, ਉਥੇ ਹੀ ਅੱਜ ਦੀ ਨੌਜਵਾਨੀ ਨੇ ਸ਼ੋਸਲ ਮੀਡੀਆ ਨੂੰ ਆਸ਼ਕੀ ਕਰਨ ਦਾ ਇੱਕ ਜ਼ਰੀਆ ਬਣਾ ਲਿਆ ਹੈ। ਕਈਆਂ ਨੂੰ ਸ਼ੋਸਲ ਮੀਡੀਆ ਦਾ ਪਿਆਰ ਪਾਰ ਲਗਾ ਰਿਹਾ ਹੈ ਪਰ ਕਈਆਂ ਨੂੰ ਇਹ ਸ਼ੋਸਲ ਮੀਡੀਆ ਕੁੱਟ ਵੀ ਪਵਾ ਰਿਹਾ ਹੈ।

ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਫਿਰੋਜ਼ਪੁਰ ਤੋਂ, ਜਿਥੇ ਇੱਕ ਨੌਜਵਾਨ ਨੂੰ ਸ਼ੋਸਲ ਮੀਡੀਆ ‘ਤੇ ਆਸ਼ਕੀ ਕਰਨੀ ਐਨੀ ਮਹਿੰਗੀ ਪਈ ਕਿ ਕੁੱਝ ਨੌਜਵਾਨਾਂ ਵੱਲੋਂ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਜਾਣਕਾਰੀ ਦਿੰਦਿਆਂ ਪੀੜਤ ਲੜਕੇ ਨੇ ਦੱਸਿਆ ਕਿ ਉਸਨੂੰ ਇੰਸਟਾਗ੍ਰਾਮ ‘ਤੇ ਇੱਕ ਲੜਕੀ ਦੇ ਅਕਾਊਂਟ ਤੋਂ ਮੈਸਿਜ ਆਉਂਦੇ ਸਨ। ਅਤੇ ਬੀਤੇ ਦਿਨ ਉਸਨੂੰ ਮੈਸਿਜ ਕਰਕੇ ਫਿਰੋਜ਼ਪੁਰ ਦੇ ਬਾਜ ਵਾਲਾ ਚੌਕ ਵਿੱਚ ਮਿਲਣ ਲਈ ਬੁਲਾਇਆ ਗਿਆ ਪਰ ਉਸਨੂੰ ਨਹੀਂ ਪਤਾ ਸੀ ਕਿ ਉਹ ਮੈਸਿਜ ਮੁੰਡਿਆਂ ਵੱਲੋਂ ਕੀਤੇ ਗਏ ਹਨ।

ਜਦ ਉਹ ਉਥੇ ਪਹੁੰਚਿਆ ਤਾਂ ਉਥੇ ਪਹਿਲਾਂ ਤੋਂ ਹੀ ਮੌਜੂਦ ਕੁੱਝ ਲੜਕਿਆਂ ਵੱਲੋਂ ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ, ਜਿਸ ਵਿੱਚ ਉਹ ਗੰਭੀਰ ਜ਼ਖਮੀ ਹੋ ਗਿਆ। ਜਿਸਤੋਂ ਬਾਅਦ ਉਸਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

ਦੂਸਰੇ ਪਾਸੇ ਮੌਕੇ ‘ਤੇ ਪਹੁੰਚੀ ਪੁਲਿਸ ਵੱਲੋਂ ਕਾਰਵਾਈ ਦਾ ਭਰੋਸਾ ਦਿੱਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏਐਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਹੁਣ ਹੀ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ। ਜਿਸ ਵਿੱਚ ਪਤਾ ਚੱਲਿਆ ਹੈ ਕਿ ਇੱਕ ਲੜਕੀ ਨੇ ਉਸਨੂੰ ਬੁਲਾਇਆ ਸੀ ਅਤੇ ਉਥੇ ਉਸਦੀ ਕੁੱਟਮਾਰ ਕੀਤੀ ਗਈ ਹੈ। ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ।