ਫਿਰੋਜ਼ਪੁਰ | ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਵਿਕਾਸ ਕਾਰਜਾਂ ਦੇ ਵੱਡੇ-ਵੱਡੇ ਦਾਅਵੇ ਕੀਤੇ ਗਏ ਸਨ ਕਿ ਪਿੰਡਾਂ ‘ਚ ਵਿਕਾਸ ਪਹਿਲ ਦੇ ਆਧਾਰ ‘ਤੇ ਕੀਤਾ ਗਿਆ ਹੈ। ਪਿੰਡਾਂ ‘ਚ ਸੀਵਰੇਜ ਪਾਈਪ ਪਾਏ ਗਏ ਹਨ। ਗਲੀਆਂ-ਨਾਲੀਆਂ ਪੱਕੀਆਂ ਕੀਤੀਆਂ ਗਈਆਂ ਹਨ ਪਰ ਸਰਕਾਰਾਂ ਦੇ ਵਿਕਾਸ ਕਾਰਜਾਂ ਦੇ ਦਾਅਵੇ ਉਸ ਸਮੇਂ ਖੋਖਲੇ ਸਾਬਤ ਹੋਏ ਜਦੋਂ ਫਿਰੋਜ਼ਪੁਰ ਦੇ ਪਿੰਡ ਭੰਬਾਂ ਹਾਜੀ ‘ਚ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਘਰ ਦੇ ਬਾਹਰ ਪੁੱਟੇ ਹੋਏ ਖੱਡੇ ‘ਚ ਡਿੱਗ ਕੇ ਇੱਕ ਡੇਢ ਸਾਲ ਦੇ ਮਾਸੂਮ ਬੱਚੇ ਦੀ ਦਰਦਨਾਕ ਮੌਤ ਹੋ ਗਈ|

ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ‘ਚ ਕੋਈ ਵਿਕਾਸ ਨਹੀਂ ਹੋਇਆ ਅਤੇ ਜੋ ਪਿੰਡ ਦਾ ਛੱਪੜ ਹੈ, ਉਹ ਵੀ ਬੰਦ ਪਿਆ ਹੈ। ਇਸ ਲਈ ਪਾਣੀ ਦੀ ਕੋਈ ਨਿਕਾਸੀ ਨਹੀਂ ਹੋ ਰਹੀ, ਜਿਸ ਲਈ ਉਨ੍ਹਾਂ ਘਰ ਦੇ ਬਾਹਰ ਇੱਕ ਖੱਡਾ ਪੁੱਟਿਆ ਸੀ, ਜਿਸ ‘ਚ ਖੇਡਦੇ ਹੋਏ ਉਨ੍ਹਾਂ ਦਾ ਡੇਢ ਸਾਲ ਦਾ ਮਾਸੂਮ ਬੱਚਾ ਖੜ੍ਹੇ ਪਾਣੀ ‘ਚ ਡਿੱਗ ਗਿਆ ਅਤੇ ਉਸ ਦੀ ਮੌਤ ਹੋ ਗਈ ਹੈ।

ਉਨ੍ਹਾਂ ਪਿੰਡ ਦੀ ਪੰਚਾਇਤ ‘ਤੇ ਆਰੋਪ ਲਾਉਂਦਿਆ ਕਿਹਾ ਕਿ ਇਹ ਜੋ ਘਟਨਾ ਉਨ੍ਹਾਂ ਦੇ ਬੱਚੇ ਨਾਲ ਵਾਪਰੀ, ਉਸ ਲਈ ਪੰਚਾਇਤ ਜ਼ਿੰਮੇਵਾਰ ਹੈ ਕਿਉਂਕਿ ਪੰਚਾਇਤ ਨੇ ਪਿੰਡ ‘ਚ ਪਾਣੀ ਦੀ ਨਿਕਾਸੀ ਲਈ ਕੋਈ ਉਪਰਾਲਾ ਨਹੀਂ ਕੀਤਾ ਹੋਇਆ, ਜਿਸ ਦਾ ਖੁਮਿਆਜ਼ਾ ਅੱਜ ਉਨ੍ਹਾਂ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਸੂਮ ਬੱਚਾ ਉਨ੍ਹਾਂ ਦਾ ਇਕੋ-ਇੱਕ ਮੁੰਡਾ ਸੀ ਪਰ ਪੰਚਾਇਤ ਦੀ ਨਾਲਾਇਕੀ ਨੇ ਉਹ ਵੀ ਉਨ੍ਹਾਂ ਕੋਲੋਂ ਖੋਹ ਲਿਆ।

ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਅੱਗੇ ਗੁਹਾਰ ਲਾਈ ਹੈ ਕਿ ਉਨ੍ਹਾਂ ਦੇ ਪਿੰਡ ‘ਚ ਪਾਣੀ ਦੀ ਨਿਕਾਸੀ ਲਈ ਕੋਈ ਨਾ ਕੋਈ ਹੱਲ ਜ਼ਰੂਰ ਕੀਤਾ ਜਾਵੇ ਤਾਂ ਕਿ ਜੋ ਭਾਣਾ ਉਨ੍ਹਾਂ ਨਾਲ ਵਾਪਰਿਆ ਹੈ। ਉਹ ਕਿਸੇ ਹੋਰ ਨਾਲ ਨਾ ਵਾਪਰੇ।