ਤਰਨਤਾਰਨ | ਪੰਜਾਬ ਵਿਜੀਲੈਂਸ ਬਿਊਰੋ ਨੇ ਕਾਰਵਾਈ ਕਰਦੇ ਹੋਏ ਤਰਨਤਾਰਨ ਦੀ ਇੱਕ ਮਹਿਲਾ ਸਰਪੰਚ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਹੈ। ਇਸ ਤੋਂ ਇਲਾਵਾ ਵਿਜੀਲੈਂਸ ਬਿਊਰੋ ਨੇ ਅੰਮ੍ਰਿਤਸਰ ਵਿੱਚ ਮਨਰੇਗਾ ਦੇ 2 ਅਧਿਕਾਰੀਆਂ ਅਤੇ ਇੱਕ ਹੋਰ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੋਸ਼ ਹੈ ਕਿ ਮਹਿਲਾ ਨੇ ਇੱਕ ਹੋਰ ਵਿਅਕਤੀ ਅਤੇ ਮਨਰੇਗਾ ਅਧਿਕਾਰੀਆਂ ਨਾਲ ਮਿਲ ਕੇ ਫੰਡ ਵਿੱਚ ਹੇਰਾਫੇਰੀ ਕੀਤੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਵਿਜੀਲੈਂਸ ਬਿਊਰੋ ਅੰਮ੍ਰਿਤਸਰ ਰੇਂਜ ਨੇ ਤਰਨਤਾਰਨ ਦੇ ਕੋਟ ਜਸਪਤ ਗ੍ਰਾਮ ਪੰਚਾਇਤ ਦੀ ਸਰਪੰਚ ਅਮਨਦੀਪ ਕੌਰ ਖਿਲਾਫ ਇਹ ਕਾਰਵਾਈ ਕੀਤੀ ਹੈ। ਫਿਲਹਾਲ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦਕਿ ਮਨਰੇਗਾ ਗ੍ਰਾਮ ਰੋਜ਼ਗਾਰ ਸਹਾਇਕ ਜੋਧਵੀਰ ਸਿੰਘ, ਕੋਟ ਜਸਪਤ ਗ੍ਰਾਮ ਪੰਚਾਇਤ ਦੇ ਮਨਰੇਗਾ ਤਕਨੀਕੀ ਸਹਾਇਕ ਤਰੁਨਪ੍ਰੀਤ ਸਿੰਘ ਅਤੇ ਵਿਅਕਤੀ ਪ੍ਰੇਮ ਸਿੰਘ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਮਹਿਲਾ ਸਰਪੰਚ ਅਤੇ ਹੋਰ ਮੁਲਜ਼ਮਾਂ ਨੇ ਮਿਲ ਕੇ ਪਿੰਡ ਵਿੱਚ ਮਨਰੇਗਾ ਲਈ ਆਏ ਫੰਡਾਂ ਵਿੱਚੋਂ 2,16,510 ਰੁਪਏ ਦੀ ਹੇਰਾਫੇਰੀ ਕੀਤੀ ਹੈ। ਮੁਲਜ਼ਮਾਂ ਨੇ ਮਿਲ ਕੇ ਪਿੰਡ ਵਿੱਚ ਮਨਰੇਗਾ ਸਕੀਮ ਤਹਿਤ ਮਜ਼ਦੂਰਾਂ ਦੇ ਜਾਅਲੀ ਮਸਟਰ ਰੋਲ ਤਿਆਰ ਕੀਤੇ ਅਤੇ ਆਪਣੇ ਜਾਣ-ਪਛਾਣੇ ਵਿਅਕਤੀਆਂ ਦੇ ਨਾਂ ’ਤੇ ਦਿਹਾੜੀ ਦੇ ਜਾਅਲੀ ਬਿੱਲ ਬਣਾ ਕੇ ਬੈਂਕ ਵਿੱਚੋਂ ਪੈਸੇ ਕਢਵਾ ਲਏ।ਇਸ ਸਬੰਧੀ ਪੁਲਿਸ ਥਾਣਾ ਵਿਜੀਲੈਂਸ ਬਿਊਰੋ ਅੰਮ੍ਰਿਤਸਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। . ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।