ਫਾਜ਼ਿਲਕਾ, 25 ਅਕਤੂਬਰ| ਪਿੰਡ ਰਾਣਾ ’ਚ ਇਕ ਵਿਆਹੁਤਾ ਔਰਤ ਦੀ ਭੇਤਭਰੀ ਹਾਲਤ ’ਚ ਮੌਤ ਹੋ ਗਈ। ਮ੍ਰਿਤਕਾ ਦੇ ਪੇਕੇ ਪਰਿਵਾਰ ਵਾਲਿਆਂ ਨੇ ਉਸ ਦੇ ਸਹੁਰੇ ’ਤੇ ਕਤਲ ਦਾ ਦੋਸ਼ ਲਗਾਇਆ ਹੈ। ਪੁਲਿਸ ਨੇ ਮ੍ਰਿਤਕਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਫਾਜ਼ਿਲਕਾ ਦੇ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਵਾਇਆ ਹੈ।
ਜਾਣਕਾਰੀ ਮੁਤਾਬਕ ਮ੍ਰਿਤਕਾ ਗੁਰਮੀਤ ਕੌਰ ਪਤਨੀ ਬਲਬੀਰ ਸਿੰਘ ਵਾਸੀ ਪਿੰਡ ਰਾਣਾ ਦੇ ਭਰਾ ਨੇ ਦੱਸਿਆ ਕਿ ਉਸ ਦੀ ਭੈਣ ਦਾ ਵਿਆਹ 10 ਸਾਲ ਪਹਿਲਾਂ ਪਿੰਡ ਰਾਣਾ ਵਿਖੇ ਹੋਇਆ ਸੀ। ਬੀਤੀ ਸ਼ਾਮ ਉਸ ਦੀ ਭੈਣ ਦੇ ਗੁਆਂਢੀਆਂ ਨੇ ਫੋਨ ਕਰਕੇ ਦੱਸਿਆ ਕਿ ਉਸਦੀ ਭੈਣ ਦੀ ਮੌਤ ਹੋ ਗਈ ਹੈ ਅਤੇ ਉਸਦੇ ਸਹੁਰੇ ਪਰਿਵਾਰ ਵਾਲੇ ਉਸਦਾ ਅੰਤਿਮ ਸੰਸਕਾਰ ਕਰਨ ਲਈ ਜਾ ਰਹੇ ਹਨ।
ਉਸਨੇ ਦੋਸ਼ ਲਗਾਉਂਦਿਆਂ ਦੱਸਿਆ ਕਿ ਉਸ ਨੂੰ ਸ਼ੱਕ ਹੈ ਕਿ ਉਸ ਦੀ ਭੈਣ ਨੂੰ ਕੋਈ ਜ਼ਹਿਰੀਲੀ ਚੀਜ਼ ਖੁਆ ਕੇ ਮਾਰਿਆ ਗਿਆ ਹੈ ਅਤੇ ਉਸਦੀ ਭੈਣ ਦਾ ਉਨ੍ਹਾਂ ਨੂੰ ਬਿਨਾ ਦੱਸੇ ਅੰਤਿਮ ਸੰਸਕਾਰ ਕਰਨ ਲਈ ਲਿਜਾ ਰਹੇ ਸਨ। ਜਦੋਂ ਉਨ੍ਹਾਂ ਨੇ ਆਪਣੀ ਭੈਣ ਦੇ ਸਹੁਰੇ ਪਰਿਵਾਰ ਨੂੰ ਫੋਨ ਕੀਤਾ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ।
ਉਹ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਆਪਣੀ ਭੈਣ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾ ਘਰ ਵਿੱਚ ਰਖਵਾਇਆ। ਮ੍ਰਿਤਕਾ ਦੇ ਭਰਾ ਨੇ ਦੱਸਿਆ ਕਿ ਉਨ੍ਹਾਂ ਆਪਣੀ ਭੈਣ ਨੂੰ ਵਿਆਹ ਸਮੇਂ ਹਰ ਜ਼ਰੂਰਤ ਦਾ ਸਾਮਾਨ ਦਿੱਤਾ ਸੀ ਪਰ ਉਸ ਦੇ ਸਹੁਰੇ ਪਰਿਵਾਰ ਵਾਲੇ ਉਸ ਨੂੰ ਹੋਰ ਦਾਜ ਦੀ ਮੰਗ ਨੂੰ ਲੈ ਕੇ ਲਗਾਤਾਰ ਤੰਗ-ਪੇ੍ਰਸ਼ਾਨ ਕਰ ਰਹੇ ਸਨ।
ਇਸ ਸਬੰਧੀ ਕਈ ਪੰਚਾਇਤਾਂ ਵੀ ਹੋਈਆਂ ਅਤੇ ਥਾਣੇ ਵਿੱਚ ਸ਼ਿਕਾਇਤਾਂ ਵੀ ਕੀਤੀਆਂ ਗਈਆਂ ਸਨ। ਮ੍ਰਿਤਕਾ ਦੇ ਪਰਿਵਾਰ ਨੇ ਮੰਗ ਕੀਤੀ ਹੈ ਕਿ ਉਸਦੀ ਭੈਣ ਦਾ ਕਤਲ ਕਰਨ ਵਾਲਿਆਂ ’ਤੇ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਥਾਣਾ ਸਦਰ ਦੇ ਮੁੱਖੀ ਬਲਜੀਤ ਸਿੰਘ ਨਾਲ ਗਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਮਾਮਲੇ ’ਚ ਮ੍ਰਿਤਕਾ ਦੇ ਭਰਾ ਦੇ ਬਿਆਨਾਂ ’ਤੇ ਮ੍ਰਿਤਕਾ ਦੇ ਪਤੀ ਬਲਬੀਰ ਸਿੰਘ, ਸੱਸ ਅਤੇ ਦਿਓਰ ’ਤੇ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ।