ਚੰਡੀਗੜ੍ਹ | ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਪੰਜਾਬ ‘ਚ ਕਿਸਾਨ ਅੰਦੋਲਨ ਜਾਰੀ ਹੈ। ਅਜਿਹੇ ‘ਚ ਕੇਂਦਰ ਤੋਂ ਨਰਾਜ਼ ਕਿਸਾਨਾਂ ਦਾ ਪ੍ਰਦਰਸ਼ਨ ਹੋਰ ਤੇਜ਼ ਹੋ ਗਿਆ ਹੈ। ਕਿਸਾਨ ਮਜਦੂਰ ਸੰਘਰਸ਼ ਕਮੇਟੀ ਨੇ ਕਿਹਾ ਪੰਜਾਬ ਭਰ ‘ਚ ਕਿਸਾਨ-ਮਜਦੂਰ 14 ਨਵੰਬਰ ਨੂੰ ਕਾਲੀ ਦੀਵਾਲੀ ਮਨਾਉਣਗੇ। ਦਿਵਾਲੀ ਵਾਲੇ ਦਿਨ ਵੀ ਕੇਂਦਰ ਸਰਕਾਰ ਤੇ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਫੂਕੇ ਜਾਣਗੇ।

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਲੀਡਰ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਰੇਲ ਰੋਕੋ ਅੰਦੋਲਨ 21 ਨਵੰਬਰ ਤਕ ਵਧਾ ਦਿੱਤਾ ਹੈ। ਪਰ ਕਿਸਾਨ ਜਥੇਬੰਦੀਆਂ ਰੇਲ ਪਟੜੀਆਂ ਅਤੇ ਪਲੇਟਫਾਰਮ ‘ਤੇ ਧਰਨਾ ਨਾ ਦੇਕੇ ਸਟੇਸ਼ਨ ਦੇ ਬਾਹਰ ਵੱਖ-ਵੱਖ ਥਾਵਾਂ ‘ਤੇ ਧਰਨੇ ਦੇਣਗੇ।

ਉਨ੍ਹਾਂ ਕਿਹਾ ਕੇਂਦਰ ਨੇ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਦੀ ਖਾਤਰ ਖੇਤੀ ਕਾਨੂੰਨ ਤੇ ਪਰਾਲੀ ਸਾੜਨ ਸਬੰਧੀ ਬਣਾਏ ਕਾਨੂੰਨ ਲਾਗੂ ਕਰਕੇ ਕਿਸਾਨੀ ਨੂੰ ਬਰਬਾਦ ਕਰ ਦਿੱਤਾ ਹੈ। ਇਸ ਲਈ ਕਿਸਾਨ ਮਜਦੂਰ ਇਸ ਕਾਲੀ ਦਿਵਾਲੀ ਮਨਾਉਣਗੇ। ਕਿਸਾਨ ਮਜਦੂਰ 14 ਨਵੰਬਰ ਨੂੰ ਪੰਜਾਬ ਦੇ ਵੱਖ-ਵੱਖ ਪਿੰਡਾਂ ‘ਚ ਕੇਂਦਰ ਸਰਕਾਰ ਤੇ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਫੂਕ ਕੇ ਰੋਸ ਪ੍ਰਦਰਸ਼ਨ ਕਰਨਗੇ।

ਸੰਘਰਸ਼ ਕਮੇਟੀ ਨੇ ਪੰਜਾਬ ਅਤੇ ਦੇਸ਼ ਦੇ ਲੋਕਾਂ ਨੂੰ ਅਪੀਲ ਕੀਤੀ ਕੀਤੀ ਹੈ ਕਿ ਉਨ੍ਹਾਂ ਦਾ ਸਾਥ ਦੇਣ ਲਈ ਦੁਕਾਨਦਾਰ ਆਪਣੀਆਂ ਦੁਕਾਨਾਂ, ਵਾਹਨ ਚਾਲਕ ਆਪਣੇ ਵਾਹਨਾਂ ‘ਤੇ ਅਤੇ ਲੋਕ ਆਪਣੇ ਘਰਾਂ ‘ਤੇ ਕਾਲੇ ਝੰਡੇ ਲਾਉਣ ਤੇ ਕੇਂਦਰ ਸਰਕਾਰ ਤੇ ਕਾਰਪੋਰੇਟ ਘਰਾਣਿਆਂ ਦਾ ਮੂੰਹ ਤੋੜ ਜਵਾਬ ਦੇਣ।

ਪੰਧੇਰ ਨੇ ਦਾਅਵਾ ਕੀਤਾ ਕਿ ਰੇਲ ਡਿਵੀਜ਼ਨ ਫਿਰੋਜ਼ਪੁਰ ‘ਚ ਜਿੱਥੇ ਵੀ ਕਿਸਾਨ ਜਥੇਬੰਦੀਆਂ ਰੇਲ ਟ੍ਰੈਕ ‘ਤੇ ਧਰਨਾ ਦੇ ਰਹੀਆਂ ਸਨ। ਉਹ ਸਾਰੀਆਂ ਥਾਵਾਂ ਖਾਲੀ ਕਰ ਦਿੱਤੀਆਂ ਗਈਆਂ ਹਨ। ਹੁਣ ਰੇਲ ਪ੍ਰਸ਼ਾਸਨ ਮਾਲ ਗੱਡੀਆਂ ਦਾ ਸੰਚਾਲਨ ਕਰ ਸਕਦਾ ਹੈ।