ਜਲੰਧਰ/ਲੁਧਿਆਣਾ/ਕਪੂਰਥਲਾ/ਨਵਾਂਸ਼ਹਿਰ/ਅੰਮ੍ਰਿਤਸਰ/ਹੁਸ਼ਿਆਰਪੁਰ | ਦੋਆਬਾ ਕਿਸਾਨ ਯੂਨੀਅਨ ਨੇ ਗੰਨੇ ਦੀ ਅਦਾਇਗੀ ਨਾ ਹੋਣ ‘ਤੇ ਹਾਈਵੇ ਜਾਮ ਕਰਨ ਦਾ ਫੈਸਲਾ ਕੀਤਾ ਹੈ। ਕਿਸਾਨਾਂ ਨੇ ਕਿਹਾ ਹੈ ਕਿ ਉਹ ਫਿਲਹਾਲ ਇਕ ਦਿਨ ਲਈ 26 ਮਈ ਨੂੰ ਜਲੰਧਰ-ਦਿੱਲੀ ਹਾਈਵੇ ਬੰਦ ਕਰਨਗੇ। ਹਾਈਵੇ ਬੰਦ ਕਰਨ ਦਾ ਮਕਸਦ ਕਿਸੇ ਨੂੰ ਪਰੇਸ਼ਾਨ ਕਰਨਾ ਨਹੀਂ ਹੈ, ਸਗੋਂ ਸਰਕਾਰ ਨੂੰ ਚੇਤਾਵਨੀ ਦੇਣਾ ਹੈ ਕਿ ਉਹ ਕਿਸਾਨਾਂ ਦੀ ਗੰਨੇ ਦੀ ਅਦਾਇਗੀ ਜਲਦੀ ਕਰਵਾਏ ਨਹੀਂ ਤਾਂ ਕਿਸਾਨ ਵੱਡੇ ਕਦਮ ਚੁੱਕਣ ਲਈ ਮਜਬੂਰ ਹੋਣਗੇ।

ਕਿਸਾਨ ਯੂਨੀਅਨ ਦਾ ਕਹਿਣਾ ਹੈ ਕਿ ਜਾਮ ਫਗਵਾੜਾ ਸ਼ੂਗਰ ਮਿਲ ਦੇ ਸਾਹਮਣੇ ਹਾਈਵੇ ‘ਤੇ ਲਗਾਇਆ ਜਾਵੇਗਾ। ਇਹ ਜਾਮ 4 ਘੰਟਿਆਂ ਲਈ ਲਗਾਇਆ ਜਾਵੇਗਾ। ਕਿਸਾਨਾਂ ਨੇ ਕਿਹਾ ਕਿ ਗੰਨੇ ਦੇ ਵਧੇ ਹੋਏ ਰੇਟ ਮਿਲਣੇ ਤਾਂ ਦੂਰ ਅਜੇ ਤਾਂ ਪਿਛਲਾ ਬਕਾਇਆ ਵੀ ਨਹੀਂ ਮਿਲਿਆ ਹੈ। ਅਧਿਕਾਰੀਆਂ ਰਾਹੀਂ ਉਹ ਕਈ ਵਾਰ ਸਰਕਾਰ ਨੂੰ ਮੰਗ ਪੱਤਰ ਭੇਜ ਚੁੱਕੇ ਹਨ, ਪਰ ਕੋਈ ਵੀ ਸੁਣਵਾਈ ਨਹੀਂ ਕਰ ਰਿਹਾ। ਜੇਕਰ ਗੰਨੇ ਦੇ ਪੈਸੇ ਸਾਲ ਬਾਅਦ ਹੀ ਮਿਲਣੇ ਹਨ ਤਾਂ ਉਨ੍ਹਾਂ ਦਾ ਘਾਟਾ ਕਿਵੇਂ ਪੂਰਾ ਹੋਵੇਗਾ।

ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਜਨਰਲ ਸਕੱਤਰ ਨੇ ਕਿਹਾ ਕਿ ਜਿੰਨੇ ਪੈਸੇ ਅਸੀਂ ਲੈਣੇ ਹਨ, ਉਸ ਤੋਂ ਜ਼ਿਆਦਾ ਤਾਂ ਬੈਂਕ ਦਾ ਵਿਆਜ ਹੋ ਗਿਆ ਹੋਵੇਗਾ।

ਕਿਸਾਨਾਂ ਦੇ ਨੈਸ਼ਨਲ ਹਾਈਵੇ ਜਾਮ ਕਰਨ ਨਾਲ ਜਲੰਧਰ, ਲੁਧਿਆਣਾ, ਕਪੂਰਥਲਾ, ਨਵਾਂਸ਼ਹਿਰ, ਅੰਮ੍ਰਿਤਸਰ, ਹੁਸ਼ਿਆਰਪੁਰ ਦੇ ਲੋਕਾਂ ਤੋਂ ਇਲਾਵਾ ਦਿੱਲੀ-ਜੰਮੂ ਵਿਚਾਲੇ ਸਫਰ ਕਰਨ ਵਾਲਿਆਂ ਨੂੰ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।