ਚੰਡੀਗੜ੍ਹ | ਪੰਜਾਬ ‘ਚ ਕੇਂਦਰੀ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਵੱਡੇ ਪੱਧਰ ‘ਤੇ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਇਸ ਤਹਿਤ ਕਿਸਾਨ ਸੜਕਾਂ, ਟੋਲ ਪਲਾਜ਼ਿਆਂ ਤੇ ਰੇਲ ਪਟੜੀਆਂ ‘ਤੇ ਡਟੇ ਹੋਏ ਹਨ। ਰੇਲਵੇ ਟ੍ਰੈਕ ਮੱਲੇ ਹੋਣ ਕਾਰਨ ਪਿਛਲੇ ਕਈ ਦਿਨਾਂ ਤੋਂ ਪੰਜਾਬ ‘ਚ ਰੇਲ ਆਵਾਜਾਈ ਠੱਪ ਹੈ ਜਿਸ ਕਾਰਨ ਮਾਲ ਦੀ ਸਪਲਾਈ ਵੀ ਨਹੀਂ ਪਹੁੰਚ ਰਹੀ। ਨਤੀਜੇ ਵਜੋਂ ਪੰਜਾਬ ‘ਚ ਕੋਲੇ ਦੀ ਘਾਟ ਦੇ ਨਤੀਜੇ ਸਾਹਮਣੇ ਆਉਣ ਲੱਗੇ ਹਨ।

ਹਾਲਾਂਕਿ ਇਸ ਬਾਬਤ ਕਈ ਦਿਨਾਂ ਤੋਂ ਹੀ ਜਤਾਇਆ ਜਾ ਰਿਹਾ ਸੀ ਕਿ ਪੰਜਾਬ ‘ਚ ਕੋਲੇ ਦੀ ਘਾਟ ਕਾਰਨ ਪਾਵਰ ਸੰਕਟ ਗਹਿਰਾ ਜਾ ਸਕਦਾ ਹੈ। ਅਜਿਹੇ ‘ਚ ਬੁੱਧਵਾਰ ਰਾਤ ਕੋਲਾ ਖਤਮ ਹਣ ਕਾਰਨ ਬਣਾਂਵਾਲਾ ਪਿੰਡ ‘ਚ ਲੱਗਿਆ ਥਰਮਲ ਪਲਾਂਟ ਤਲੰਵਡੀ ਸਾਬੋ ਪਾਵਰ ਲਿਮਟਡ ਬੰਦ ਹੋ ਗਿਆ। ਇਹ ਥਰਮਲ ਪਲਾਂਟ 1980 ਮੈਗਾਵਾਟ ਬਿਜਲੀ ਉਤਪਾਦਨ ਦੀ ਸਮਰੱਥਾ ਰੱਖਦਾ ਹੈ।

ਦਰਅਸਲ ਪਹਿਲੀ ਅਕਤੂਬਰ ਤੋਂ ਕਿਸਾਨਾਂ ਨੇ ਰੇਲ ਰੋਕੋ ਅੰਦੋਲਨ ਆਰੰਭਿਆ ਹੋਇਆ ਹੈ ਤੇ ਉਦੋਂ ਤੋਂ ਹੀ ਕੋਲੇ ਦੀ ਸਪਲਾਈ ਠੱਪ ਹੈ। ਪਹਿਲਾਂ ਇਸ ਥਰਮਲ ਪਲਾਂਟ ਦੇ ਦੋ ਯੂਨਿਟ ਬੰਦ ਸਨ ਤੇ ਕੋਲੇ ਦੀ ਦਿਨ ਬ ਦਿਨ ਵਧਦੀ ਘਾਟ ਕਾਰਨ ਰਾਤ ਤੀਜਾ ਯੂਨਿਟ ਵੀ ਬੰਦ ਹੋ ਗਿਆ।

ਹਾਲਾਂਕਿ ਪੰਜਾਬ ‘ਚ ਪਾਵਰ ਸੰਕਟ ਗਰਮਾਉਣ ਦਾ ਹੱਲ ਵਿਭਾਗ ਨੇ ਕੱਢ ਲਿਆ ਹੈ। ਦਰਅਸਲ ਇਹ ਕਿਆਸਰਾਈਆਂ ਸਨ ਕਿ ਪੰਜਾਬ ‘ਚ ਥਰਮਲ ਪਲਾਂਟ ਬੰਦ ਹੋਣ ਨਾਲ ਹਨ੍ਹੇਰਾ ਛਾਅ ਸਕਦਾ ਹੈ। ਪਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਡ ਨੇ ਉੱਤਰੀ ਗਰਿੱਡ ‘ਚੋਂ ਬਿਜਲੀ ਸਪਲਾਈ ਦੇਣੀ ਆਰੰਭ ਦਿੱਤੀ ਹੈ।

ਓਧਰ ਇਸ ਦੌਰਾਨ ਪੰਜਾਬ ਵਿਧਾਨ ਸਭਾ ‘ਚ ਕੈਪਟਨ ਸਰਕਾਰ ਵੱਲੋਂ ਬਿੱਲ ਪਾਸ ਕਰਨ ਮਗਰੋਂ ਕਿਸਾਨਾਂ ਨੇ ਪੰਜ ਨਵੰਬਰ ਤਕ ਰੇਲ ਪਟੜੀਆਂ ‘ਤੇ ਮਾਲ ਗੱਡੀਆਂ ਚਲਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਦੇ ਨਾਲ ਹੀ ਪੰਜਾਬ ‘ਚ ਕੋਲਾ ਸੰਕਟ ਘਟਣ ਦੇ ਵੀ ਆਸਾਰ ਬਣ ਗਏ ਹਨ। ਜਾਣਕਾਰੀ ਮੁਤਾਬਕ ਇਸ ਵੇਲੇ ਅੱਧਵਾਟੇ ਕਰੀਬ 100 ਤੋਂ ਵੱਧ ਰੇਲ ਗੱਡੀਆਂ ਕੋਲਾ ਲੈਕੇ ਖੜੀਆਂ ਹੋਈਆਂ ਹਨ ਜੋ ਅੱਜ ਚੱਲਣ ਦੇ ਆਸਾਰ ਹਨ।