ਫਰੀਦਕੋਟ, 25 ਨਵੰਬਰ | ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਸਾਬਕਾ ਵਿਧਾਇਕ ਤੇ ਸੀਨੀਅਰ ਕਾਂਗਰਸੀ ਆਗੂ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਖ਼ਿਲਾਫ਼ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਫਰੀਦਕੋਟ ਦੀ ਅਦਾਲਤ ਨੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ’ਚ ਦੋਸ਼ ਤੈਅ ਕਰ ਦਿੱਤੇ ਹਨ ਅਤੇ ਵਿਜੀਲੈਂਸ ਬਿਊਰੋ ਨੂੰ ਗਵਾਹ ਪੇਸ਼ ਕਰਨ ਦੇ ਆਦੇਸ਼ ਦਿੰਦਿਆਂ ਸਾਬਕਾ ਵਿਧਾਇਕ ਦੇ ਸਾਥੀਆਂ, ਦੋਵੇਂ ਸਹਾਇਕਾਂ ਗੁਰਸੇਵਕ ਸਿੰਘ ਅਤੇ ਰਾਜਵਿੰਦਰ ਸਿੰਘ ’ਤੇ ਵੀ ਦੋਸ਼ ਤੈਅ ਕੀਤੇ ਹਨ। ਹੁਣ ਕੇਸ ਦੀ ਅਗਲੀ ਸੁਣਵਾਈ 8 ਦਸੰਬਰ ਨੂੰ ਹੋਵੇਗੀ।

ਜਾਣਕਾਰੀ ਅਨੁਸਾਰ ਵਿਜੀਲੈਂਸ ਬਿਊਰੋ ਨੇ ਇਕ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਇਸੇ ਸਾਲ ਮਈ ਮਹੀਨੇ ਵਿਚ ਕਿੱਕੀ ਢਿੱਲੋਂ ਨੂੰ ਆਪਣੀ ਆਮਦਨ ਤੋਂ 245 ਗੁਣਾ ਖਰਚ ਕਰਨ ਦੇ ਮਾਮਲੇ ਵਿਚ ਫੜਿਆ ਸੀ। ਕਰੀਬ 3 ਮਹੀਨਿਆਂ ਤੱਕ ਜੇਲ ਵਿਚ ਰਹਿਣ ਤੋਂ ਬਾਅਦ ਉਨ੍ਹਾਂ ਨੂੰ ਹਾਈਕੋਰਟ ਤੋਂ ਜ਼ਮਾਨਤ ਮਿਲੀ ਸੀ। ਉਕਤ ਕੇਸ ਵਿਚ ਵਿਜੀਲੈਂਸ ਨੇ ਉਨ੍ਹਾਂ ਦੇ ਸਾਥੀਆਂ ਨੂੰ ਵੀ ਨਾਮਜ਼ਦ ਕੀਤਾ ਸੀ।

ਦੋਸ਼ ਲਾਇਆ ਗਿਆ ਸੀ ਕਿ ਸਾਬਕਾ ਵਿਧਾਇਕ ਨੇ ਉਕਤ ਦੋਵਾਂ ਦੇ ਨਾਮ ’ਤੇ ਬੇਨਾਮੀ ਜਾਇਦਾਦ ਬਣਾਈ ਹੈ। ਹਾਲਾਂਕਿ ਦੋਵਾਂ ਨੂੰ ਵਿਜੀਲੈਂਸ ਫੜ ਨਹੀਂ ਸਕੀ ਸੀ ਅਤੇ ਹਾਈਕੋਰਟ ਤੋਂ ਅਗਾਊਂ ਜ਼ਮਾਨਤ ਮਿਲ ਗਈ ਸੀ। ਵਿਜੀਲੈਂਸ ਵੱਲੋਂ ਕਿੱਕੀ ਢਿੱਲੋਂ ਸਮੇਤ ਤਿੰਨਾਂ ਮੁਲਜ਼ਮਾਂ ਖਿਲਾਫ ਚਾਰਜਸ਼ੀਟ ਦਾਖਲ ਕਰ ਦਿੱਤੀ ਗਈ, ਜਿਸ ’ਤੇ ਸੁਣਵਾਈ ਦੌਰਾਨ ਦੋਸ਼ ਤੈਅ ਕਰਨ ਲਈ ਹੋਈ ਬਹਿਸ ਤੋਂ ਬਾਅਦ ਜ਼ਿਲ੍ਹਾ ਅਦਾਲਤ ਨੇ ਉਕਤਾ ’ਤੇ ਦੋਸ਼ ਤੈਅ ਕਰਦਿਆਂ ਸੁਣਵਾਈ 8 ਦਸੰਬਰ ਤੱਕ ਮੁਲਤਵੀ ਕਰ ਦਿੱਤੀ ਹੈ।