ਬਰਨਾਲਾ, 26 ਨਵੰਬਰ | ਥਾਣਾ ਰੁੜਕੇ ਕਲਾਂ ਅਧੀਨ ਪੈਂਦੇ ਪਿੰਡ ਚਾਹਿਲ ਪੱਟੀ ਦੇ ਜੱਗਰ ਸਿੰਘ ਪੁੱਤਰ ਹਰਨੇਕ ਸਿੰਘ ਨੇ ਇਕ ਵੱਡੇ ਸੜਕ ਹਾਦਸੇ ਸਬੰਧੀ ਬਿਆਨ ਦਿੱਤਾ ਕਿ ਉਸ ਦਾ ਲੜਕਾ ਸੁਖਮੰਦਰ ਸਿੰਘ (ਉਮਰ 35 ਸਾਲ) ਮੋਟਰਸਾਈਕਲ ‘ਤੇ ਵਿਆਹ ਸਮਾਗਮ ਲਈ ਜਾ ਰਿਹਾ ਸੀ। ਪਰਿਵਾਰ ਪਿੰਡ ਬਦਰਾ ਤੋਂ ਪਿੰਡ ਰੁੜਕੇ ਕਲਾਂ ਜਾ ਰਿਹਾ ਸੀ। ਉਸ ਦੇ ਨਾਲ ਉਸ ਦੀ ਪਤਨੀ ਵੀਰਪਾਲ ਕੌਰ ਅਤੇ 2 ਸਾਲਾ ਬੇਟੀ ਸਵਲੀਨ ਕੌਰ ਵੀ ਸਵਾਰ ਸਨ। ਜੱਗਰ ਸਿੰਘ ਆਪਣੇ ਮੋਟਰਸਾਈਕਲ ’ਤੇ ਉਸ ਦੇ ਪਿੱਛੇ ਆ ਰਿਹਾ ਸੀ।

ਜਦੋਂ ਉਹ ਫੀਡ ਫੈਕਟਰੀ ਨੇੜੇ ਧੂਰਕੋਟ ਸਰਹੱਦ ਕੋਲ ਪਹੁੰਚੇ ਤਾਂ ਸਾਹਮਣੇ ਤੋਂ ਇੱਕ ਤੇਜ਼ ਰਫ਼ਤਾਰ ਕਾਰ ਨੇ ਬੜੀ ਤੇਜ਼ ਰਫ਼ਤਾਰ ਨਾਲ ਆ ਕੇ ਸੁਖਮੰਦਰ ਸਿੰਘ ਦੇ ਮੋਟਰਸਾਈਕਲ ਨੂੰ ਸਿੱਧੀ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਕਿ ਸੁਖਮੰਦਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਸ ਦੀ ਪਤਨੀ ਵੀਰਪਾਲ ਕੌਰ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਦੇ ਹੱਥ ਦੀ ਹੱਡੀ ਵੀ ਟੁੱਟ ਗਈ। ਉਸ ਦੀ ਬੇਟੀ ਸਵਲੀਨ ਕੌਰ ਵੀ ਜ਼ਖਮੀ ਹੋ ਗਈ।

ਜ਼ਖ਼ਮੀਆਂ ਨੂੰ ਤੁਰੰਤ ਬਰਨਾਲਾ ਦੇ ਇੱਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਜੱਗਰ ਸਿੰਘ ਨੇ ਦੋਸ਼ ਲਾਇਆ ਕਿ ਕਾਰ ਚਾਲਕ ਸੰਦੀਪ ਸਿੰਘ ਵਾਸੀ ਕੋਟ ਦੁੱਨਾ ਦੀ ਗਲਤੀ ਨਾਲ ਇਹ ਹਾਦਸਾ ਵਾਪਰਿਆ। ਥਾਣਾ ਰੁੜਕੀ ਕਲਾ ਦੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸੰਦੀਪ ਸਿੰਘ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਦੀ ਗ੍ਰਿਫ਼ਤਾਰੀ ਲਈ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਹਾਦਸੇ ਕਾਰਨ ਪਿੰਡ ਚਹਿਲ ਪੱਟੀ ਅਤੇ ਆਸ-ਪਾਸ ਦੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਪਰਿਵਾਰਕ ਮੈਂਬਰ ਡੂੰਘੇ ਸੋਗ ਅਤੇ ਸਦਮੇ ਵਿਚ ਹਨ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)