ਨਵੀਂ ਦਿੱਲੀ। ਫਰਜ਼ੀ ਵੀਜ਼ਾ ਰੈਕੇਟ ਦਾ ਪਰਦਾਫਾਸ਼ ਕਰਦਿਆਂ ਦਿੱਲੀ ਪੁਲੀਸ ਨੇ ਅੱਜ ਸ਼ਹਿਰ ਦੇ ਕਨਾਟ ਪਲੇਸ ਇਲਾਕੇ ਤੋਂ ਅੱਠ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਵਿਸ਼ੇਸ਼ ਪੁਲੀਸ ਕਮਿਸ਼ਨਰ (ਅਪਰਾਧ) ਰਵਿੰਦਰ ਸਿੰਘ ਯਾਦਵ ਨੇ ਦੱਸਿਆ ਕਿ ਦਿੱਲੀ ਪੁਲੀਸ ਦੀ ਕ੍ਰਾਈਮ ਬ੍ਰਾਂਚ ਨੂੰ ਕਨਾਟ ਪਲੇਸ ਅਤੇ ਹੋਰ ਖੇਤਰਾਂ ਵਿੱਚ ਗਰੋਹ ਦੇ ਸਰਗਰਮ ਹੋਣ ਦੀ ਸੂਚਨਾ ਮਿਲੀ ਸੀ ਅਤੇ ਕਈ ਥਾਵਾਂ ‘ਤੇ ਛਾਪੇਮਾਰੀ ਕਰਕੇ ਅੱਠ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲੀਸ ਨੇ ਦੱਸਿਆ ਕਿ ਮੁਲਜ਼ਮ ਪਿਛਲੇ 10-12 ਸਾਲਾਂ ਤੋਂ ਵੱਖ-ਵੱਖ ਦੇਸ਼ਾਂ ਦੇ ਵੀਜ਼ੇ ਦਿਵਾਉਣ ਦਾ ਧੰਦਾ ਕਰ ਰਹੇ ਸਨ ਅਤੇ ਜਾਅਲੀ ਦਸਤਾਵੇਜ਼ ਤਿਆਰ ਕਰਨ ਵਿੱਚ ਮੁਹਾਰਤ ਹਾਸਲ ਕਰ ਚੁੱਕੇ ਸਨ।

ਪੁਲਿਸ ਅਨੁਸਾਰ ਵੀਜ਼ਾ ਲੈਣ ਵਾਲੇ ਜ਼ਿਆਦਾਤਰ ਬੇਰੁਜ਼ਗਾਰ ਨੌਜਵਾਨ ਸਨ ਅਤੇ ਰੁਜ਼ਗਾਰ ਲਈ ਵਿਦੇਸ਼ ਜਾਣਾ ਚਾਹੁੰਦੇ ਸਨ। ਅਜਿਹੇ ਉਮੀਦਵਾਰਾਂ ਕੋਲ ਵੀਜ਼ਾ ਪ੍ਰਾਪਤ ਕਰਨ ਲਈ ਜਾਇਜ਼ ਦਸਤਾਵੇਜ਼ ਨਹੀਂ ਹੁੰਦੇ ਅਤੇ ਉਹ ਅਜਿਹੇ ਵਿਅਕਤੀਆਂ ਰਾਹੀਂ ਜਾਅਲੀ ਦਸਤਾਵੇਜ਼ ਤਿਆਰ ਕਰਵਾਉਂਦੇ ਸਨ ਅਤੇ ਉਨ੍ਹਾਂ ਦੇ ਆਧਾਰ ‘ਤੇ ਵੀਜ਼ਾ ਲਈ ਅਪਲਾਈ ਕਰਦੇ ਸਨ। ਪੁਲੀਸ ਨੇ ਦੱਸਿਆ ਕਿ ਮੁਲਜ਼ਮ ਇਸ ਲਈ ਉਨ੍ਹਾਂ ਤੋਂ ਮੋਟੀ ਰਕਮ ਵਸੂਲਦੇ ਸਨ। ਮੁਲਜ਼ਮਾਂ ਦੀ ਪਛਾਣ ਬਲਦੇਵ ਰਾਜ (54), ਅੰਸ਼ ਮਦਾਨ (23), ਬਲਿਹਾਰ ਸਿੰਘ (43) ਕੁਲਦੀਪ ਸਿੰਘ (56), ਸ਼ਿਵ ਰਾਮ ਕ੍ਰਿਸ਼ਨ (39), ਸੁਨੀਲ ਬਿਸ਼ਟ (39), ਨੰਦਾ ਬੱਲਭ ਜੋਸ਼ੀ (43) ਤੇ ਪੰਕਜ ਕੁਮਾਰ ਸ਼ੁਕਲਾ (30) ਵਜੋਂ ਹੋਈ ਹੈ। ਇਹ ਗਰੋਹ ਹਰਿਆਣਾ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼ ਸਮੇਤ ਕਈ ਰਾਜਾਂ ਵਿੱਚ ਫੈਲਿਆ ਹੋਇਆ ਹੈ। ਇਸ ਗਰੋਹ ਦੇ ਕਈ ਮੈਂਬਰ ਅਪਰਾਧਿਕ ਪਿਛੋਕੜ ਵਾਲੇ ਹਨ ਅਤੇ ਰਾਜ ਇਸ ਗਰੋਹ ਦਾ ਸਰਗਨਾ ਹੈ। 2003 ‘ਚ ਦਿੱਲੀ ਆਉਣ ਤੋਂ ਪਹਿਲਾਂ ਉਸ ਨੇ ਪੰਜਾਬ ‘ਚ ਵੀ ਚੋਣ ਲੜੀ ਸੀ।