ਚੰਡੀਗੜ੍ਹ | ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਅੱਜ ਇਕ ਸਾਲ ਪੂਰਾ ਹੋ ਗਿਆ ਹੈ। ਮੂਸੇਵਾਲਾ ਭਾਵੇਂ ਇਸ ਦੁਨੀਆ ‘ਚ ਨਹੀਂ ਹਨ ਪਰ ਉਹ ਅੱਜ ਵੀ ਆਪਣੇ ਗੀਤਾਂ ਨਾਲ ਪ੍ਰਸ਼ੰਸਕਾਂ ਦੇ ਦਿਲਾਂ ‘ਚ ਜ਼ਿੰਦਾ ਹਨ। ਉਹ ਆਪਣੀ ਮੌਤ ਤੋਂ ਪਹਿਲਾਂ ਹੀ ਇੰਨੇ ਗੀਤ ਰਿਕਾਰਡ ਕਰ ਚੁੱਕੇ ਹਨ ਕਿ ਆਉਣ ਵਾਲੇ ਕਈ ਸਾਲਾਂ ਤੱਕ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੀ ਗਾਇਕੀ ਨੂੰ ਸੁਣਦੇ ਰਹਿਣ ਦੇ ਨਾਲ-ਨਾਲ ਯੂਟਿਊਬ ‘ਤੇ ਰਿਕਾਰਡ ਬਣਾਉਂਦੇ ਰਹਿਣਗੇ।

ਸਿੱਧੂ ਦੇ ਕਤਲ ਤੋਂ ਬਾਅਦ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਪੁੱਤਰ ਦੇ ਕਈ ਗੀਤ ਅਜੇ ਵੀ ਰਿਕਾਰਡ ਹੋਏ ਪਏ ਹਨ। ਉਨ੍ਹਾਂ ਕਿਹਾ ਕਿ ਉਸਦੇ ਗੀਤ ਹੌਲੀ-ਹੌਲੀ ਰਿਲੀਜ਼ ਕੀਤੇ ਜਾਣਗੇ। ਮੂਸੇਵਾਲਾ ਦੀ ਟੀਮ ਨੇ 6-6 ਮਹੀਨਿਆਂ ਬਾਅਦ ਆਪਣੇ ਗੀਤ ਰਿਲੀਜ਼ ਕਰਨ ਲਈ ਪਰਿਵਾਰ ਨਾਲ ਗੱਲਬਾਤ ਕੀਤੀ ਸੀ।

ਮਾਤਾ ਚਰਨ ਕੌਰ ਅਤੇ ਤਾਇਆ ਚਮਕੌਰ ਸਿੰਘ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਦੇ 45 ਤੋਂ ਵੱਧ ਰਿਕਾਰਡ ਕੀਤੇ ਗੀਤ ਪਏ ਹਨ। ਉਨ੍ਹਾਂ ਨੂੰ ਹੌਲੀ-ਹੌਲੀ ਰਿਲੀਜ਼ ਕਰ ਦਿੱਤਾ ਜਾਵੇਗਾ। ਹਾਲ ਹੀ ‘ਚ ਉਨ੍ਹਾਂ ਸਿੱਧੂ ਮੂਸੇਵਾਲਾ ਦੇ ਗੀਤ ਚੋਰੀ ਹੋਣ ਦੀ ਅਫਵਾਹ ਦਾ ਖੰਡਨ ਕਰਦਿਆਂ ਕਿਹਾ ਕਿ ਸਾਰੇ ਗੀਤ ਉਨ੍ਹਾਂ ਕੋਲ ਹਨ।

ਸਿੱਧੂ ਦੇ ਗੀਤ ‘295’ ਨੇ ਬਿਲਬੋਰਡ ਗਲੋਬਲ 200 ਚਾਰਟ ਵਿਚ ਥਾਂ ਬਣਾਈ ਹੈ। ਬਿਲਬੋਰਡ ਗਲੋਬਲ 200 ‘ਤੇ ਸਿੱਧੂ ਦਾ ਗੀਤ 154ਵੇਂ ਨੰਬਰ ‘ਤੇ ਹੈ। ਹੈਰੀ ਸਟਾਈਲਜ਼, ਬੈਡ ਬੰਨੀ, ਲਿਜ਼ੋ, ਕੈਮਿਲਾ ਕੈਬੇਲੋ, ਐਡ ਸ਼ੀਰਨ ਅਤੇ ਜਸਟਿਨ ਬੀਬਰ ਨੇ ਵੀ ਬਿਲਬੋਰਡ ਗਲੋਬਲ 200 ਦੀ ਸੂਚੀ ਬਣਾਈ ਹੈ।

ਮੂਸੇਵਾਲਾ ਨੇ ਆਪਣੀ ਮੌਤ ਤੋਂ ਪਹਿਲਾਂ 295 ਗੀਤ ਗਾਇਆ ਸੀ। ਇਸ ਗੀਤ ਨੇ ਭਾਰਤ ਵਿਚ ਹੀ ਨਹੀਂ ਵਿਦੇਸ਼ਾਂ ਵਿਚ ਵੀ ਧੂਮ ਮਚਾ ਦਿੱਤੀ ਸੀ। ਸਿੱਧੂ ਮੂਸੇਵਾਲਾ ਖੇਤਰੀ ਭਾਸ਼ਾ ਵਿਚ ਗੀਤ ਗਾ ਕੇ ਬਿਲਬੋਰਡ ਵਿਚ ਥਾਂ ਬਣਾਉਣ ਵਾਲੇ ਪਹਿਲੇ ਗਾਇਕ ਬਣੇ। ਅੱਜ ਤੱਕ ਭਾਰਤ ਦਾ ਕੋਈ ਵੀ ਗਾਇਕ ਬਿਲਬੋਰਡ ਵਿੱਚ ਥਾਂ ਨਹੀਂ ਬਣਾ ਸਕਿਆ।