ਜਲੰਧਰ/ਫਿਲੌਰ | ਜਲੰਧਰ ਦੇ ਸਰਹੱਦੀ ਖੇਤਰ ਫਿਲੌਰ ਵਿਚ ਹਥਿਆਰਾਂ ਦੇ ਤਸਕਰਾਂ ਦਾ ਪੁਲਿਸ ਨਾਲ ਮੁਕਾਬਲਾ ਹੋਇਆ। ਇਸ ਦੌਰਾਨ ਇਕ ਤਸਕਰ ਨੂੰ ਗੋਲੀ ਲੱਗ ਗਈ। ਇਸ ਦੇ ਬਾਵਜੂਦ ਉਸ ਦਾ ਸਾਥੀ ਉਸ ਨੂੰ ਭਜਾ ਕੇ ਲੈ ਗਿਆ। ਪੁਲਿਸ ਨੇ ਤਸਕਰਾਂ ਨੂੰ ਆਪਣੇ ਘਰ ਪਨਾਹ ਦੇਣ ਵਾਲੇ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਖੱਡ ਮੁਹੱਲੇ ‘ਚ ਕੁਝ ਲੜਕਿਆਂ ਨੇ ਰੰਜਿਸ਼ਨ 6 ਤੋਂ 7 ਰਾਊਂਡ ਫਾਇਰ ਕੀਤੇ ਸਨ। ਇਸ ਮਾਮਲੇ ਵਿਚ ਰਾਜੂ ਪੁੱਤਰ ਬਿੱਟੂ ਨੂੰ ਨਾਜਾਇਜ਼ ਪਿਸਤੌਲ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਰਾਜੂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਹਥਿਆਰਾਂ ਦੀ ਤਸਕਰੀ ਕਰਦਾ ਹੈ ਅਤੇ ਉਸ ਦੇ ਦੋ ਸਾਥੀ ਸੰਜੂ ਅਤੇ ਅਕਾਸ਼ਦੀਪ ਖੱਡ ਮੁਹੱਲੇ ‘ਚ ਰਾਹੁਲ ਦੇ ਘਰ ਲੁਕੇ ਹੋਏ ਹਨ।

ਸੂਚਨਾ ‘ਤੇ ਜਦੋਂ ਪੁਲਿਸ ਟੀਮ ਸੰਜੂ ਅਤੇ ਅਕਾਸ਼ਦੀਪ ਨੂੰ ਗ੍ਰਿਫਤਾਰ ਕਰਨ ਲਈ ਖੱਡ ਮੁਹੱਲੇ ਵਿਚ ਸਥਿਤ ਰਾਹੁਲ ਦੇ ਘਰ ਪਹੁੰਚੀ ਤਾਂ ਤਸਕਰਾਂ ਨੇ ਪੁਲਿਸ ਨੂੰ ਦੇਖ ਕੇ ਗੋਲੀਆਂ ਚਲਾ ਦਿੱਤੀਆਂ। ਤਸਕਰਾਂ ਨੇ 6 ਤੋਂ 7 ਰਾਊਂਡ ਫਾਇਰ ਕੀਤੇ। ਪੁਲਿਸ ਦੀ ਜਵਾਬੀ ਕਾਰਵਾਈ ਵਿਚ ਇੱਕ ਤਸਕਰ ਨੂੰ ਗੋਲੀ ਮਾਰ ਦਿੱਤੀ ਗਈ। ਮੌਕਾ ਮਿਲਦੇ ਹੀ ਦੂਜਾ ਸਾਥੀ ਉਸ ਨੂੰ ਲੈ ਕੇ ਭੱਜ ਗਿਆ। ਪੁਲਿਸ ਨੇ ਰਾਹੁਲ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਮੁਲਜ਼ਮ ਰਾਹੁਲ ਤੋਂ ਪੁੱਛਗਿੱਛ ਕਰ ਰਹੀ ਹੈ।