ਜਾਮਾ ਮਸਜਿਦ ਹਾਲ ਖੈਰ ਦੀਨ ‘ਚ ਹਜ਼ਾਰਾਂ ਨਮਾਜ਼ੀਆਂ ਨੇ ਅਦਾ ਕੀਤੀ ਈਦ-ਉਲ-ਅਜ਼ਹਾ ਦੀ ਨਮਾਜ਼ ਦੇਸ਼ ਵਿੱਚ ਅਮਨ-ਚੈਨ ਅਤੇ ਸਰਬੱਤ ਦੇ ਭਲੇ ਲਈ ਕੀਤੀ ਗਈ ਖਾਸ ਦੁਆ ਇਕ ਦੂਜੇ ਦੇ ਗਲੇ ਮਿਲ ਕੇ ਦਿੱਤਾ ਭਾਈਚਾਰੇ, ਪਿਆਰ ਅਤੇ ਇਨਸਾਨੀਅਤ ਦਾ ਸੰਦੇਸ਼
ਅੰਮ੍ਰਿਤਸਰ ਵਿੱਚ ਬਕਰੀਦ ਦੇ ਪਵਿੱਤਰ ਤਿਉਹਾਰ ਮੌਕੇ ਮੁਸਲਿਮ ਭਾਈਚਾਰੇ ਵੱਲੋਂ ਬੜੀ ਸ਼ਰਧਾ, ਅਕੀਦਤ ਅਤੇ ਉਤਸ਼ਾਹ ਨਾਲ ਈਦ-ਉਲ-ਅਜ਼ਹਾ ਮਨਾਈ ਗਈ। ਸ਼ਹਿਰ ਦੀ ਇਤਿਹਾਸਕ ਜਾਮਾ ਮਸਜਿਦ ਹਾਲ ਖੈਰ ਦੀਨ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਨਮਾਜ਼ੀਆਂ ਨੇ ਪਹੁੰਚ ਕੇ ਈਦ ਦੀ ਖਾਸ ਨਮਾਜ਼ ਅਦਾ ਕੀਤੀ। ਇਸ ਦੌਰਾਨ ਮਸਜਿਦ ਦਾ ਮਾਹੌਲ ਰੂਹਾਨੀਅਤ ਅਤੇ ਭਾਈਚਾਰੇ ਦੇ ਰੰਗ ਵਿੱਚ ਰੰਗਿਆ ਹੋਇਆ ਨਜ਼ਰ ਆਇਆ। ਨਮਾਜ਼ ਤੋਂ ਬਾਅਦ ਲੋਕਾਂ ਨੇ ਇੱਕ ਦੂਜੇ ਦੇ ਗਲੇ ਮਿਲ ਕੇ ਈਦ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਪਿਆਰ, ਅਮਨ ਅਤੇ ਸਦਭਾਵਨਾ ਦਾ ਸੰਦੇਸ਼ ਦਿੱਤਾ।
ਇਸ ਮੌਕੇ ਪੰਜਾਬ ਇਸਲਾਮਿਕ ਕਮੇਟੀ ਦੇ ਮੈਂਬਰ ਮੁਹੰਮਦ ਯੂਸਫ ਮਲਿਕ ਨੇ ਦੱਸਿਆ ਕਿ ਜਾਮਾ ਮਸਜਿਦ ਹਾਲ ਖੈਰ ਦੀਨ ਵਿੱਚ ਮੌਲਾਨਾ ਹਾਮੀਦ ਹੁਸੈਨ ਕਾਜਮੀ ਦੀ ਰਹਿਨੁਮਾਈ ਹੇਠ ਈਦ-ਉਲ-ਅਜ਼ਹਾ ਦੀ ਨਮਾਜ਼ ਅਦਾ ਕੀਤੀ ਗਈ। ਉਨ੍ਹਾਂ ਕਿਹਾ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਨਮਾਜ਼ ਵਿੱਚ ਸ਼ਿਰਕਤ ਕਰਦੇ ਹੋਏ ਅੱਲਾਹ ਅੱਗੇ ਸਰਬੱਤ ਦੇ ਭਲੇ, ਦੇਸ਼ ਵਿੱਚ ਅਮਨ-ਚੈਨ ਅਤੇ ਆਪਸੀ ਭਾਈਚਾਰੇ ਲਈ ਦੁਆ ਕੀਤੀ।
ਉਨ੍ਹਾਂ ਕਿਹਾ ਕਿ ਈਦ-ਉਲ-ਅਜ਼ਹਾ ਸਿਰਫ਼ ਇੱਕ ਤਿਉਹਾਰ ਨਹੀਂ, ਸਗੋਂ ਕੁਰਬਾਨੀ, ਇਨਸਾਨੀਅਤ ਅਤੇ ਆਪਸੀ ਪਿਆਰ ਦਾ ਪ੍ਰਤੀਕ ਹੈ। ਉਨ੍ਹਾਂ ਨੇ ਦੱਸਿਆ ਕਿ ਦੁਨੀਆ ਭਰ ਦੇ ਮੁਸਲਿਮ ਇਸ ਤਿਉਹਾਰ ਨੂੰ ਬੜੀ ਸ਼ਰਧਾ ਨਾਲ ਮਨਾਉਂਦੇ ਹਨ ਅਤੇ ਇਸੇ ਦੌਰਾਨ ਲੱਖਾਂ ਦੀ ਗਿਣਤੀ ਵਿੱਚ ਹਾਜੀ ਸਾਊਦੀ ਅਰਬ ਵਿੱਚ ਹੱਜ ਅਦਾ ਕਰਨ ਲਈ ਪਹੁੰਚੇ ਹੋਏ ਹਨ। ਮੁਹੰਮਦ ਯੂਸਫ ਮਲਿਕ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸਾਰੇ ਧਰਮਾਂ ਦੇ ਲੋਕਾਂ ਨੂੰ ਮਿਲਜੁਲ ਕੇ ਰਹਿਣਾ ਚਾਹੀਦਾ ਹੈ ਅਤੇ ਇੱਕ ਦੂਜੇ ਦੀਆਂ ਖੁਸ਼ੀਆਂ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਈਦ ਦਾ ਅਸਲ ਸੰਦੇਸ਼ ਪਿਆਰ, ਭਾਈਚਾਰਾ ਅਤੇ ਇਨਸਾਨੀਅਤ ਹੈ।
ਇਸ ਮੌਕੇ “ਦੀ ਹੋਪ ਅੰਮ੍ਰਿਤਸਰ” ਐਨਜੀਓ ਦੇ ਚੇਅਰਮੈਨ ਡਾਕਟਰ ਲਖਬੀਰ ਸਿੰਘ ਰੰਧਾਵਾ ਵੀ ਖਾਸ ਤੌਰ ‘ਤੇ ਮੌਜੂਦ ਰਹੇ। ਉਨ੍ਹਾਂ ਨੇ ਮੁਸਲਿਮ ਭਾਈਚਾਰੇ ਨੂੰ ਬਕਰੀਦ ਦੀ ਵਧਾਈ ਦਿੰਦਿਆਂ ਕਿਹਾ ਕਿ ਹਰ ਧਰਮ ਅਤੇ ਜਾਤੀ ਦੇ ਲੋਕਾਂ ਨੂੰ ਇੱਕ ਦੂਜੇ ਦੇ ਤਿਉਹਾਰਾਂ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਦੇਸ਼ ਦੀ ਏਕਤਾ ਅਤੇ ਭਾਈਚਾਰੇ ਨੂੰ ਹੋਰ ਮਜ਼ਬੂਤ ਕਰਦੇ ਹਨ। ਡਾਕਟਰ ਰੰਧਾਵਾ ਨੇ ਕਿਹਾ ਕਿ ਜਦੋਂ ਸਾਰੇ ਧਰਮਾਂ ਦੇ ਲੋਕ ਇਕੱਠੇ ਹੋ ਕੇ ਖੁਸ਼ੀਆਂ ਮਨਾਉਂਦੇ ਹਨ ਤਾਂ ਇਸ ਨਾਲ ਦੇਸ਼ ਵਿੱਚ ਪਿਆਰ ਅਤੇ ਸਦਭਾਵਨਾ ਦਾ ਮਾਹੌਲ ਬਣਦਾ ਹੈ ਅਤੇ ਭਾਰਤ ਦੀ ਏਕਤਾ ਹੋਰ ਮਜ਼ਬੂਤ ਹੁੰਦੀ ਹੈ।
ਕਸ਼ਮੀਰ ਤੋਂ ਆਏ ਰਿਊ ਰਿਆਜ਼ ਨੇ ਵੀ ਇਸ ਮੌਕੇ ਲੋਕਾਂ ਨੂੰ ਈਦ ਦਾ ਸੰਦੇਸ਼ ਦਿੰਦਿਆਂ ਕਿਹਾ ਕਿ ਈਦ ਸਾਲ ਵਿੱਚ ਦੋ ਵਾਰ ਆਉਂਦੀ ਹੈ—ਇੱਕ ਈਦ-ਉਲ-ਫਿੱਤਰ ਅਤੇ ਦੂਜੀ ਈਦ-ਉਲ-ਅਜ਼ਹਾ। ਉਨ੍ਹਾਂ ਕਿਹਾ ਕਿ ਬਕਰੀਦ ਦਾ ਅਸਲ ਮਕਸਦ ਕੁਰਬਾਨੀ ਅਤੇ ਇਨਸਾਨੀਅਤ ਦਾ ਪੈਗਾਮ ਦੇਣਾ ਹੈ। ਉਨ੍ਹਾਂ ਦੱਸਿਆ ਕਿ ਮੁਸਲਿਮ ਭਾਈਚਾਰਾ ਅੱਲਾਹ ਦੀ ਰਜ਼ਾ ਲਈ ਜਾਨਵਰ ਦੀ ਕੁਰਬਾਨੀ ਦਿੰਦਾ ਹੈ ਅਤੇ ਉਸ ਦਾ ਮਾਸ ਲੋੜਵੰਦਾਂ ਵਿੱਚ ਵੰਡਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕੁਰਬਾਨੀ ਦਾ ਮਤਲਬ ਆਪਣੇ ਸਭ ਤੋਂ ਪਿਆਰੇ ਚੀਜ਼ ਨੂੰ ਅੱਲਾਹ ਦੀ ਰਾਹ ਵਿੱਚ ਸਮਰਪਿਤ ਕਰਨਾ ਹੈ। ਰਿਊ ਰਿਆਜ਼ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਧਰਮ ਦੇ ਨਾਮ ‘ਤੇ ਨਫਰਤ ਅਤੇ ਦੰਗੇ-ਫਸਾਦ ਤੋਂ ਦੂਰ ਰਹਿ ਕੇ ਪਿਆਰ ਅਤੇ ਭਾਈਚਾਰੇ ਨਾਲ ਜੀਵਨ ਬਿਤਾਇਆ ਜਾਵੇ।