ਮੋਹਾਲੀ . ਕੋਰੋਨਾ ਵਾਇਰਸ ਕਾਰਨ ਪੰਜਾਬ ਭਰ ਵਿਚ ਲੱਗੇ ਕਰਫ਼ਿਊ ਕਾਰਨ ਪੰਜਾਬ ਦੇ ਸਾਰੇ ਸਕੂਲ ਬੰਦ ਹਨ। ਇਸ ਦੌਰਾਨ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਲਈ ਨਵੇਂ ਅਤੇ ਨਿਵੇਕਲੇ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਉਨ੍ਹਾਂ ਦਾ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ। ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਦੀ ਅੰਦਰੂਨੀ ਕਲਾ ਨੂੰ ਸਾਹਮਣੇ ਲਿਆਉਣ ਲਈ ਇਕ ਨਵਾਂ ਮੁਕਾਬਲਾ ਸ਼ੁਰੂ ਕੀਤਾ ਹੈ।
ਸਿੱਖਿਆ ਵਿਭਾਗ ਦੇ ਫੇਸਬੁੱਕ ਪੇਜ ਉੱਤੇ ਅੱਜ ਇਸ ਸਬੰਧੀ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਇਕ ਵੀਡੀਓ ਸ਼ੇਅਰ ਕੀਤੀ ਗਈ ਹੈ। ਜਿਸ ਵਿਚ ਕਿਹਾ ਗਿਆ ਹੈ ਕਿ ਪਿਆਰੇ ਵਿਦਿਆਰਥੀਓ! ਇਸ ਲਾਕਡਾਊਨ ਦੇ ਚੱਲਦੇ ਸਿੱਖਿਆ ਮੰਤਰਾਲਾ ਮਾਨਯੋਗ ਸਿੱਖਿਆ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਜੀ ਦੀ ਅਗਵਾਈ ਹੇਠ ਤੁਹਾਡੇ ਲਈ ਅੰਬੈਸਡਰ ਆਫ ਹੋਪ ਨਾਮ ਦਾ ਇੱਕ ਮਜ਼ੇਦਾਰ ਮੁਕਾਬਲਾ ਲੈ ਕੇ ਆਏ ਹਨ। ਇਸ ਮੁਕਾਬਲੇ ਦੇ ਨਾਲ ਤੁਸੀਂ ਬਹੁਤ ਵੱਡੇ ਇਨਾਮ ਜਿੱਤ ਸਕਦੇ ਹੋ, ਬਸ ਤੁਸੀਂ ਆਪਣੀ ਕਲਾ ਦੇ ਜ਼ਰੀਏ ਇਸ ਔਖੀ ਘੜੀ ‘ਚ ਤੁਹਾਡੇ ਅੰਦਰ ਪੈਦਾ ਹੋ ਰਹੀ ਉਮੀਦ ਬਾਰੇ ਦੱਸਣਾ ਹੈ ।ਪਰ ਮੁਕਾਬਲੇ ਵਿੱਚ ਹਿੱਸਾ ਲੈਣ ਤੋਂ ਪਹਿਲਾਂ ਇਹ ਯਕੀਨੀ ਬਣਾਉ ਕਿ ਤੁਸੀਂ ਸਾਰੇ ਨਿਯਮਾਂ ਤੇ ਸ਼ਰਤਾਂ ਨੂੰ ਪੂਰਾ ਕਰਦੇ ਹੋ ।