ਅੰਮ੍ਰਿਤਸਰ | ਪੰਜਾਬ ਵਿਚ ਨੌਜਵਾਨਾਂ ਦੀ ਨਸ਼ਿਆਂ ਦੀ ਓਵਰਡੋਜ਼ ਨਾਲ ਮੌਤ ਹੋਣ ਦੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਹੀ ਰਹਿੰਦੀਆਂ ਹਨ। ਨਸ਼ਿਆਂ ਦਾ ਕਾਰੋਬਾਰ ਘੱਟ ਹੋਣ ਦੀ ਬਜਾਏ ਵਧਦਾ ਜਾ ਰਿਹਾ ਹੈ ਤੇ ਰੋਜ਼ ਇਸਦੀ ਭੇਂਟ ਨੌਜਵਾਨ ਚੜ੍ਹ ਰਹੇ ਹਨ। ਅਜਿਹਾ ਹੀ ਇਕ ਮਾਮਲਾ ਪੁਲਿਸ ਥਾਣਾ ਮਜੀਠਾ ਅਧੀਨ ਪੈਂਦੇ ਪਿੰਡ ਵੀਰਮ ਤੋਂ ਸਾਹਮਣੇ ਆਇਆ ਹੈ। ਨਸ਼ੇ ਦੇ ਟੀਕੇ ਦੀ ਵੱਧ ਮਾਤਰਾ ਲੈਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕਵਰਮੀਤ ਸਿੰਘ ਸ਼ਾਹ ਪੁੱਤਰ ਰਮਿੰਦਰ ਸਿੰਘ ਸ਼ਾਹ ਵਜੋਂ ਹੋਈ ਹੈ।


ਮ੍ਰਿਤਕ ਦੇ ਚਚੇਰੇ ਭਰਾ ਨਵਦੀਪ ਸਿੰਘ ਸ਼ਾਹ ਨੇ ਦੱਸਿਆ ਕਿ ਮ੍ਰਿਤਕ ਤਿੰਨ ਸਾਲ ਪਹਿਲਾਂ ਇਟਲੀ ਗਿਆ ਸੀ ਫਿਰ ਕੁਝ ਸਮਾਂ ਪਹਿਲਾਂ ਵਿਦੇਸ਼ ਤੋਂ ਵਾਪਸ ਪਰਤ ਆਇਆ ਤੇ ਮਾੜੀ ਸੰਗਤ ਦਾ ਸ਼ਿਕਾਰ ਹੋ ਗਿਆ ਤੇ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਅੱਜ ਸਵੇਰੇ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਇਕ ਭੈਣ ਤੇ ਮਾਪੇ ਛੱਡ ਗਿਆ ਹੈ।