ਚੰਡੀਗੜ੍ਹ। ਫਰੀਦਕੋਟ ਦੇ ਕੋਟਕਪੂਰਾ ਵਿਚ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਕਤਲਕਾਂਡ ਦੇ ਬਾਅਦ ਹੁਣ ਪੰਜਾਬ ਪੁਲਿਸ ਨੂੰ ਕਈ ਹੋਰ ਡੇਰਾ ਪ੍ਰੇਮੀਆਂ ਦੀ ਜਾਨ ਨੂੰ ਖਤਰੇ ਦੇ ਇਨਪੁੱਟ ਮਿਲੇ ਹਨ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਨੇ ਕਈ ਡੇਰਾ ਪ੍ਰੇਮੀਆਂ ਦੀ ਸੁਰੱਖਿਆ ਨੂੰ ਵਧਾ ਦਿੱਤਾ ਹੈ। ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਬੰਦ ਡੇਰਾ ਪ੍ਰੇਮੀਆਂ ਦੀ ਸੁਰੱਖਿਆ ਨੂੰ ਪੁਖਤਾ ਕਰਨ ਦੇ ਇਲਾਵਾ ਫਰੀਦਕੋਟ ਵਾਸੀ ਇਕ ਡੇਰਾ ਪ੍ਰੇਮੀ ਦੇ ਘਰ ਦੇ ਬਾਹਰ ਵੀ ਪੁਲਿਸ ਮੁਲਾਜ਼ਮਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਨੂੰ ਇੰਟੈਲੀਜੈਂਸ ਤੋਂ ਕੁਝ ਅਹਿਮ ਇਨਪੁੱਟ ਮਿਲੇ ਹਨ। ਪੁਲਿਸ ਨੇ ਆਪਣੀ ਰਣਨੀਤੀ ਵਿਚ ਬਦਲਾਅ ਕਰਕੇ ਡੇਰਾ ਪ੍ਰੇਮੀਆਂ ਨੂੰ ਮਿਲਣ ਆਉਣ ਵਾਲੇ ਲੋਕਾਂ ਉਤੇ ਵੀ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਪੁਲਿਸ ਵਲੋਂ ਜੇਲ੍ਹਾਂ ਵਿਚ ਬੰਦ ਗੈਂਗਸਟਰਾਂ ਸਣੇ ਜ਼ਮਾਨਤ ਉਤੇ ਛੁੱਟੇ ਜਾਂ ਪੁਲਿਸ ਗ੍ਰਿਫਤ ਤੋਂ ਬਾਹਰ ਚੱਲ ਰਹੇ ਅਪਰਾਧਿਕ ਬਿਰਤੀ ਵਾਲੇ ਲੋਕਾਂ ਦਾ ਰਿਕਾਰਡ ਵੀ ਇਕੱਠਾ ਕੀਤਾ ਜਾ ਚੁੱਕਾ ਹੈ।