ਨਰਿੰਦਰ ਕੁਮਾਰ | ਜਲੰਧਰ

ਨਕੋਦਰ . 1986  ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਾਂਡ ਵਿਚ ਨਕੋਦਰ ਦੇ ਸ਼ਹੀਦ ਹੋਏ ਚਾਰ ਸਿੱਖ ਨੌਜਵਾਨਾਂ ਦੀਆਂ ਤਸਵੀਰਾਂ ਆਨੰਦਪੁਰ ਸਾਹਿਬ ਦੇ ਕੇਂਦਰੀ ਅਜਾਇਬ ਘਰ ਵਿਚ ਲਗਾਉਣ ਦੀ ਮੰਗ ਕੀਤੀ ਗਈ ਹੈ। ਇਨ੍ਹਾਂ ਸਿੱਖ ਨੌਜਵਾਨਾਂ ਵਿੱਚੋਂ ਗੋਲੀ ਕਾਂਡ ਦੌਰਾਨ ਸ਼ਹੀਦ ਹੋਏ ਭਾਈ ਰਵਿੰਦਰ ਸਿੰਘ ਲਿੱਤਰਾਂ ਦੀ ਮਾਤਾ ਬਲਦੀਪ ਕੌਰ ਲਿੱਤਰਾਂ ਪਿਤਾ ਬਲਦੇਵ ਸਿੰਘ ਲਿੱਤਰਾਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਪੱਤਰ ਲਿਖਿਆ ਹੈ।  

ਸ਼ਹੀਦ ਭਾਈ ਰਵਿੰਦਰ ਸਿੰਘ ਲਿੱਤਰਾਂ ਦੇ ਕੈਲੇਫੋਰਨੀਆ ਵਿਚ ਰਹਿੰਦੇ ਛੋਟੇ ਭਰਾ ਹਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਮੰਗ ਕੀਤੀ ਹੈ ਕਿ ਤਖ਼ਤ ਕੇਸਗੜ੍ਹ ਸਾਹਿਬ ਦੇ ਸਾਬਕਾ ਜਥੇਦਾਰ ਹਰਚਰਨ ਸਿੰਘ ਮਹਾਲੋਂ ਨੇ 4 ਫਰਵਰੀ 1986 ਨਕੋਦਰ ਬੇਅਦਬੀ ਕਾਂਡ ਵਿਚ  ਸ਼ਹੀਦ ਹੋਏ ਸਿੱਖ ਨੌਜਵਾਨਾਂ ਲਈ ਇਨਸਾਫ ਮੰਗ ਦੇ ਸੰਘਰਸ਼ ਦੀ ਅਗਵਾਈ ਕਰਦਿਆਂ ਨਕੋਦਰ ਥਾਣੇ ਅੱਗੇ ਧਰਨਾ ਵੀ ਦਿੱਤਾ ਸੀ। ਪੱਤਰ ਵਿੱਚ ਇਹ ਵੀ ਬੇਨਤੀ ਕੀਤੀ ਗਈ ਹੈ ਕਿ ਕੇਂਦਰੀ ਸਿੱਖ ਅਜਾਇਬ ਘਰ ਅੰਮ੍ਰਿਤਸਰ ਵਿਖੇ ਸ਼ਹੀਦਾਂ ਦੇ ਨਾਲ ਸਾਬਕਾ ਜਥੇਦਾਰ ਹਰਚਰਨ ਸਿੰਘ ਮਹਾਲੋਂ ਜੀ ਦੀ ਤਸਵੀਰ ਵੀ ਸ਼ਹੀਦ ਹੋਏ ਸਿੰਘਾਂ ਦੇ ਨਾਲ ਹੀ ਲਗਾਈ ਜਾਵੇ। ਇਹ ਪਹਿਲਾਂ ਮੌਕਾ ਸੀ ਜਦੋਂ ਕਿਸੇ ਤਖਤ ਦੇ ਜਥੇਦਾਰ ਨੇ ਬੇਅਦਬੀ ਮੌਕੇ ਸ਼ਹੀਦ ਹੋਏ ਚਾਰ ਸਿੱਖ ਨੌਜਵਾਨਾਂ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਧਰਨਾ ਲਾਇਆ ਹੋਵੇ।