ਨਵੀਂ ਦਿੱਲੀ | ਤਿੰਨ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੇ ਸਰਕਾਰ ਦੇ ਪ੍ਰਸਤਾਵ ਨੂੰ ਖਾਰਜ ਕਰ ਦਿੱਤਾ ਹੈ। ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਜਦੋਂ ਤਕ ਸਰਕਾਰ ਤਿੰਨਾਂ ਕਾਨੂੰਨਾਂ ਨੂੰ ਪੂਰੀ ਤਰ੍ਹਾਂ ਵਾਪਸ ਲੈਣ ਦੀ ਮੰਗ ਸਵੀਕਾਰ ਨਹੀਂ ਕਰਦੀ ਉਦੋਂ ਤਕ ਉਹ ਅੰਦੋਲਨ ਜਾਰੀ ਰੱਖਣਗੇ ਤੇ ਇਸ ਨੂੰ ਹੋਰ ਤੇਜ਼ ਕਰਨਗੇ। ਉੱਥੇ ਹੀ ਰਾਹੁਲ ਗਾਂਧੀ ਤੇ ਸ਼ਰਦ ਪਵਾਰ ਸਮੇਤ ਹੋਰ ਪੰਜ ਲੀਡਰਾਂ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕਰ ਖੇਤੀ ਕਾਨੂੰਨ ਨੂੰ ਵਾਪਸ ਲਏ ਜਾਣ ਦੀ ਮੰਗ ਕੀਤੀ।

1. ਸਰਕਾਰ ਨੇ ਘੱਟ ਤੋਂ ਘੱਟ ਸੱਤ ਮੁੱਦਿਆਂ ‘ਤੇ ਜ਼ਰੂਰੀ ਸੋਧ ਦਾ ਪ੍ਰਸਤਾਵ ਦਿੱਤਾ। ਜਿਸ ‘ਚ ਇਕ ਮੰਡੀ ਵਿਵਸਥਾ ਨੂੰ ਕਮਜ਼ੋਰ ਬਣਾਉਣ ਦੇ ਖਦਸ਼ਿਆਂ ਨੂੰ ਦੂਰ ਕਰਨ ਬਾਰੇ ਹੈ। ਸਰਕਾਰ ਨੇ ਕਿਹਾ ਕਿ ਸਤੰਬਰ ‘ਚ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਬਾਰੇ ਉਨ੍ਹਾਂ ਦੇ ਫਿਕਰਾਂ ਤੇ ਉਹ ਲੋੜੀਂਦਾ ਸਪਸ਼ਟੀਕਰਨ ਦੇਣ ਲਈ ਤਿਆਰ ਹਨ।

2. ਸਰਕਾਰ ਵੱਲੋਂ ਪ੍ਰਸਤਾਵ ਮਿਲਣ ਤੋਂ ਬਾਅਦ ਕਿਸਾਨ ਲੀਡਰਾਂ ਨੇ ਕਿਹਾ ਕਿ ਸਰਕਾਰ ਦੇ ਪ੍ਰਸਤਾਵ ‘ਚ ਕੁਝ ਵੀ ਨਵਾਂ ਨਹੀਂ ਹੈ ਤੇ ਉਹ ਆਪਣਾ ਪ੍ਰਦਰਸ਼ਨ ਜਾਰੀ ਰੱਖਣਗੇ।

3. ਕਿਸਾਨ ਜਥੇਬੰਦੀਆਂ ਵੱਲੋਂ ਪ੍ਰਸਤਾਵ ਠੁਕਰਾਏ ਜਾਣ ਤੋਂ ਬਾਅਦ ਕੇਂਦਰੀ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਬੈਠਕ ਕੀਤੀ। ਅਮਿਤ ਸ਼ਾਹ ਨੇ ਮੰਗਲਵਾਰ ਨੂੰ 13 ਕਿਸਾਨ ਜਥੇਬੰਦੀਆਂ ਦੇ ਨਾਲ ਬੈਠਕ ਕੀਤੀ ਸੀ।

4. ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਦੀ ਰਾਤ ਕਿਸਾਨ ਜਥੇਬੰਦੀਆਂ ਦੇ 13 ਲੀਡਰਾਂ ਨਾਲ ਮੁਲਾਕਾਤ ਤੋਂ ਬਾਅਦ ਕਿਹਾ ਸੀ ਕਿ ਸਰਕਾਰ ਤਿੰਨ ਖੇਤੀ ਕਾਨੂੰਨਾਂ ਸਬੰਧੀ ਕਿਸਾਨਾਂ ਵੱਲੋਂ ਚੁੱਕੇ ਗਏ ਮਹੱਤਵਪੂਰਨ ਮੁੱਦਿਆਂ ‘ਤੇ ਇਕ ਮਸੌਦਾ ਪ੍ਰਸਤਾਵ ਭੇਜੇਗੀ। ਹਾਲਾਂਕਿ ਕਿਸਾਨ ਲੀਡਰਾਂ ਦੇ ਨਾਲ ਬੈਠਕ ‘ਚ ਕੋਈ ਨਤੀਜਾ ਨਹੀਂ ਨਿੱਕਲਿਆ ਸੀ। ਜੋ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲੈਣ ‘ਤੇ ਜ਼ੋਰ ਦੇ ਰਹੇ ਹਨ।

5. ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕੈਬਨਿਟ ਦੀ ਬੈਠਕ ਤੋਂ ਬਾਅਦ ਅੱਜ ਕਿਹਾ ਕਿ ਸਰਕਾਰ ਕਿਸਾਨਾਂ ਦੀਆਂ ਚਿੰਤਾਵਾਂ ਪ੍ਰਤੀ ਸੰਵਦੇਨਸ਼ੀਲ ਹੈ। ਉਨ੍ਹਾਂ ਕਿਸਾਨਾਂ ਦੇ ਨਾਲ ਜਾਰੀ ਵਾਰਤਾ ਨੂੰ ਕਾਰਜ ਪ੍ਰਗਤੀ ‘ਤੇ ਹੈ ਦੱਸਿਆ ਤੇ ਭਰੋਸਾ ਜਤਾਉਂਦਿਆਂ ਕਿਹਾ ਇਸ ਦੇ ਜਲਦ ਨਤੀਜੇ ਆਉਣਗੇ।

6. ਖੇਤੀ ਕਾਨੂੰਨਾਂ ਨੂੰ ਲੈਕੇ ਜਾਰੀ ਕਿਸਾਨਾਂ ਦੇ ਅੰਦੋਲਨ ਦੇ ਵਿਚ ਅੱਜ ਰਾਹੁਲ, ਸ਼ਰਦ ਪਵਾਰ ਸਮੇਤ ਪੰਜ ਵਿਰੋਧੀ ਲੀਡਰਾਂ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਤਿੰਨ ਖੇਤੀ ਕਾਨੂੰਨਾਂ ਸਬੰਧੀ ਵਿਚਾਰਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਕਾਨੂੰਨ ਰੱਦ ਕੀਤੇ ਜਾਣ ਦੀ ਅਪੀਲ ਕੀਤੀ।

7. ਸਰਕਾਰ ਵੱਲੋਂ ਮਸੌਦਾ ਪ੍ਰਸਤਾਵ 13 ਕਿਸਾਨ ਜਥੇਬੰਦੀਆਂ ਦੇ ਲੀਡਰਾਂ ਨੂੰ ਭੇਜਿਆ ਗਿਆ ਹੈ। ਜਿੰਨ੍ਹਾਂ ਟਚ ਬੀਕੇਯੂ ਦੇ ਜੋਗਿੰਦਰ ਸਿੰਘ ਉਗਰਾਹਾਂ ਵੀ ਸ਼ਾਮਲ ਹਨ। ਇਹ ਜਥੇਬੰਦੀਆਂ ਕਰੀਬ 40 ਅੰਦੋਲਨਕਾਰੀ ਜਥੇਬੰਦੀਆਂ ‘ਚੋਂ ਸਭ ਤੋਂ ਵੱਡੇ ਜਥੇਬੰਦੀਆਂ ‘ਚ ਸ਼ਾਮਲ ਹਨ।

8. ਕਿਸਾਨ ਲੀਡਰ ਸ਼ਿਵ ਕੁਮਾਰ ਕੱਕਾ ਨੇ ਕਿਹਾ ਕਿ ਜੇਕਰ ਤਿੰਨੇ ਕਾਨੂੰਨ ਰੱਦ ਨਾ ਕੀਤੇ ਗਏ ਤਾਂ ਇਕ ਤੋਂ ਬਾਅਦ ਇਕ ਦਿੱਲੀ ਦੀਆਂ ਸੜਕਾਂ ਬੰਦ ਕੀਤੀਆਂ ਜਾਣਗੀਆਂ ਤੇ ਕਿਸਾਨ ਸਿੰਘੂ ਬਾਰਡਰ ਪਾਰ ਕਰਕੇ ਦਿੱਲੀ ‘ਚ ਦਾਖਲ ਹੋਣ ਦਾ ਫੈਸਲਾ ਵੀ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਤਿੰਨਾਂ ਖੇਤੀ ਕਾਨੂੰਨਾਂ ਨੂੰ ਲੈਕੇ ਕੇਂਦਰ ਸਰਕਾਰ ਨਾਲ ਅਗਲੇ ਦੌਰ ਦੀ ਵਾਰਤਾ ‘ਤੇ ਅਜੇ ਕੋਈ ਫੈਸਲਾ ਨਹੀਂ ਕੀਤਾ ਗਿਆ।

9. ਕੱਕਾ ਨੇ ਕਿਹਾ ਕਿ ਇਨ੍ਹਾਂ ਕਾਨੂੰਨਾਂ ਦੇ ਵਿਰੋਧ ‘ਚ ਕਿਸਾਨ 14 ਦਸੰਬਰ ਨੂੰ ਸੂਬਿਆਂ ‘ਚ ਜ਼ਿਲ੍ਹਾ ਦਫਤਰਾਂ ਦਾ ਘਿਰਾਉ ਕਰਨਗੇ ਤੇ 12 ਦਸੰਬਰ ਨੂੰ ਦਿੱਲੀ-ਜੈਪੁਰ ਰਾਜਮਾਰਗ ਬੰਦ ਕੀਤਾ ਜਾਵੇਗਾ।

10. ਕਿਸਾਨ ਲੀਡਰ ਦਰਸ਼ਨ ਪਾਲ ਨੇ ਪੱਤਰਕਾਰ ਸੰਮੇਲਨ ‘ਚ ਕਿਹਾ ਕਿ 12 ਦਸੰਬਰ ਨੂੰ ਆਗਰਾ-ਦਿੱਲੀ ਐਕਸਪ੍ਰੈਸ ਵੇਅ ਨੂੰ ਬੰਦ ਕੀਤਾ ਜਾਵੇਗਾ ਤੇ ਉਸ ਦਿਨ ਦੇਸ਼ ਦੇ ਕਿਸੇ ਵੀ ਟੋਲ ਪਲਾਜ਼ਾ ‘ਤੇ ਕੋਈ ਟੈਕਸ ਨਹੀਂ ਦਿੱਤਾ ਜਾਵੇਗਾ।