ਬਠਿੰਡਾ | ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਤਾਜ਼ਾ ਜਾਣਕਾਰੀ ਬਠਿੰਡਾ ਤੋਂ ਆਈ ਹੈ, ਜਿਥੇ ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਮ੍ਰਿਤਕ ਦੀ ਪਛਾਣ ਜਸਕਰਨ ਸਿੰਘ ਪੁੱਤਰ ਗੱਗੜ ਸਿੰਘ ਉਮਰ ਤਕਰੀਬਨ 23 ਕੁ ਸਾਲ ਵਜੋਂ ਹੋਈ ਹੈ।

ਮ੍ਰਿਤਕ ਪਿੰਡ ਲਹਿਰ ਬੇਗਾ ਦਾ ਰਹਿਣ ਵਾਲਾ ਸੀ। ਜਾਣਕਾਰੀ ਅਨੁਸਾਰ ਭੁੱਚੋ ਮੰਡੀ ਤੋਂ ਲਹਿਰਾ ਖਾਨਾ ਰੋਡ ‘ਤੇ ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਨੌਜਵਾਨ ਦੀ ਮੌਤ ਹੋ ਗਈ। ਲੋਕਾਂ ਦਾ ਕਹਿਣਾ ਹੈ ਕਿ ਮ੍ਰਿਤਕ ਜਸਕਰਨ ਸਿੰਘ ਨੇ 12ਵੀਂ ਪਾਸ ਕੀਤੀ ਹੋਈ ਸੀ ਪਰ ਨੌਕਰੀ ਨਾ ਮਿਲਣ ਕਾਰਨ ਬੇਰੁਜ਼ਗਾਰ ਸੀ। ਪਰਿਵਾਰ ਦੀ ਆਰਥਿਕ ਮਦਦ ਲਈ ਜਸਕਰਨ ਮਜ਼ਦੂਰੀ ਕਰਦਾ ਸੀ। ਜਵਾਨ ਪੁੱਤ ਦੀ ਮੌਤ ਨਾਲ ਮਾਪੇ ਸੋਗ ਵਿਚ ਡੁੱਬੇ ਹੋਏ ਹਨ।

ਪਿੰਡ ਵਿਚ ਸੋਗ ਦੀ ਲਹਿਰ ਹੈ ਤੇ ਮਾਪਿਆਂ ਦਾ ਰੋ-ਰੋ ਬੁਰਾ ਹਾਲ ਹੈ। ਨਸ਼ਿਆਂ ਨਾਲ ਮੌਤਾਂ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਆਏ ਦਿਨ ਅਜਿਹੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ।