‘ਫਿਟ ਸੈਂਟਰਲ’ ਮੁਹਿੰਮ ਤਹਿਤ ਨਿਤਿਨ ਕੋਹਲੀ ਅਤੇ ਮੇਅਰ ਵਨੀਤ ਧੀਰ ਵੱਲੋਂ ਵਾਲੀਬਾਲ ਅਤੇ ਬੈਡਮਿੰਟਨ ਕੋਰਟ ਦਾ ਸ਼ੁਭਾਰੰਭ; ਫਿਟਨੈਸ ਆਈਕਨ ਵਰਿੰਦਰ ਸਿੰਘ ਘੁੰਮਣ ਨੂੰ ਭਾਵੁਕ ਸ਼ਰਧਾਂਜਲੀ, ਪਰਿਵਾਰ ਨੇ ਇਸਨੂੰ ਪ੍ਰੇਰਣਾਦਾਇਕ ਕਦਮ ਕਿਹਾ।

ਜਲੰਧਰ : ਫਿਟਨੈਸ ਅਤੇ ਖੇਡ ਸੰਸਕ੍ਰਿਤੀ ਨੂੰ ਨਵੀਂ ਦਿਸ਼ਾ ਦੇਣ ਦੇ ਉਦੇਸ਼ ਨਾਲ ਆਮ ਆਦਮੀ ਪਾਰਟੀ ਦੇ ਜਲੰਧਰ ਸੈਂਟਰਲ ਹਲਕਾ ਇੰਚਾਰਜ ਨਿਤਿਨ ਕੋਹਲੀ ਨੇ ‘ਫਿਟ ਸੈਂਟਰਲ’ ਮੁਹਿੰਮ ਦੇ ਤਹਿਤ ਡੀ.ਸੀ. ਅਤੇ ਪੁਲਿਸ ਕਮਿਸ਼ਨਰ ਰੈਜ਼ਿਡੈਂਸ ਪਾਰਕ ਵਿੱਚ ਨਵੇਂ ਤਿਆਰ ਕੀਤੇ ਗਏ ਵਾਲੀਬਾਲ ਅਤੇ ਬੈਡਮਿੰਟਨ ਕੋਰਟ ਦਾ ਸ਼ੁਭਾਰੰਭ ਕੀਤਾ। ਇਸ ਮੌਕੇ ਇਸ ਪਾਰਕ ਦਾ ਨਾਮ ਦੁਨੀਆ ਪ੍ਰਸਿੱਧ ਬਾਡੀ ਬਿਲਡਰ ਵਰਿੰਦਰ ਸਿੰਘ ਘੁੰਮਣ ਦੇ ਨਾਮ ‘ਤੇ ਰੱਖਿਆ ਗਿਆ।

ਇਸ ਸਮਾਗਮ ਵਿੱਚ ਮੇਅਰ ਵਨੀਤ ਧੀਰ, ਵਰਿੰਦਰ ਸਿੰਘ ਘੁੰਮਣ ਦੇ ਤਿੰਨੋ ਬੱਚਿਆਂ ਰਾਜਾ ਗੁਰਤੇਜ ਵੀਰ ਸਿੰਘ, ਭਗਵੰਤ ਸਿੰਘ ਘੁੰਮਣ, ਸੁਖਮਨ ਘੁੰਮਣ ਵੱਲੋਂ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰੀ ਗਈ। ਵਰਿੰਦਰ ਸਿੰਘ ਘੁੰਮਣ ਦੇ ਬੱਚਿਆਂ ਨੇ ਆਪਣੇ ਹੱਥੀਂ ਪਾਰਕ ਦਾ ਉਦਘਾਟਨ ਕੀਤਾ ਅਤੇ ਨਿਤਿਨ ਕੋਹਲੀ ਦੀ ਇਸ ਪਹਿਲ ਨੂੰ ਵਰਿੰਦਰ ਸਿੰਘ ਘੁੰਮਣ ਜਿਹੇ ਮਹਾਨ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਭਾਰਤ ਦਾ ਨਾਮ ਰੋਸ਼ਨ ਕਰਨ ਵਾਲੇ ਵਿਅਕਤੀ ਪ੍ਰਤੀ ਸੱਚੀ ਸ਼ਰਧਾਂਜਲੀ ਕਰਾਰ ਦਿੱਤਾ।

ਨਿਤਿਨ ਕੋਹਲੀ ਨੇ ਕਿਹਾ ਕਿ ਹੁਣ ਇਹ ਪਾਰਕ “ਵਰਿੰਦਰ ਸਿੰਘ ਘੁੰਮਣ ਪਾਰਕ” ਦੇ ਨਾਮ ਨਾਲ ਜਾਣਿਆ ਜਾਵੇਗਾ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਦੀ ਲਗਨ, ਮਿਹਨਤ ਅਤੇ ਅਨੁਸ਼ਾਸਨ ਤੋਂ ਪ੍ਰੇਰਿਤ ਹੋ ਸਕਣ। ਉਨ੍ਹਾਂ ਕਿਹਾ ਕਿ ਵਰਿੰਦਰ ਘੁੰਮਣ ਦੀ ਅਕਾਲ ਮੌਤ ਨੇ ਸਾਰੇ ਦੇਸ਼ ਸਮੇਤ ਖੇਡ ਜਗਤ ਨੂੰ ਝੰਜੋੜ ਕੇ ਰੱਖ ਦਿੱਤਾ ਸੀ ਅਤੇ ਇਸ ਨਾਂਕਰਨ ਰਾਹੀਂ ਉਨ੍ਹਾਂ ਦੀ ਮਹਾਨਤਾ ਅਤੇ ਯੋਗਦਾਨ ਸਦਾ ਹੀ ਲੋਕਾਂ ਦੀ ਯਾਦ ਵਿੱਚ ਜਿਉਂਦਾ ਰਹੇਗਾ।

ਉਨ੍ਹਾਂ ਦੱਸਿਆ ਕਿ ‘ਫਿਟ ਸੈਂਟਰਲ’ ਪਹਿਲ ਦਾ ਮਕਸਦ ਸਿਰਫ ਢਾਂਚਾਗਤ ਖੇਡ ਸਹੂਲਤਾਂ ਤਿਆਰ ਕਰਨਾ ਹੀ ਨਹੀਂ, ਸਗੋਂ ਲੋਕਾਂ ਵਿੱਚ “ਫਿਟਨੈਸ ਨੂੰ ਰੋਜ਼ਾਨਾ ਦੀ ਜ਼ਿੰਦਗੀ ਦਾ ਹਿੱਸਾ” ਬਣਾਉਣ ਦੀ ਸੋਚ ਨੂੰ ਮਜ਼ਬੂਤ ਕਰਨਾ ਵੀ ਹੈ। ਕੋਹਲੀ ਨੇ ਕਿਹਾ:
“ਜਦੋਂ ਨਾਗਰਿਕ ਤੰਦਰੁਸਤ ਹੋਣਗੇ, ਤਦੋਂ ਹੀ ਸਮਾਜ ਮਜ਼ਬੂਤ ਹੋਵੇਗਾ ਅਤੇ ਦੇਸ਼ ਸ਼ਕਤੀਸ਼ਾਲੀ ਬਣੇਗਾ।”

ਨਿਤਿਨ ਕੋਹਲੀ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਇਸ ਤੋਂ ਪਹਿਲਾਂ ਉਹ ਲਗਭਗ ₹20 ਕਰੋੜ ਦੀ ਲਾਗਤ ਨਾਲ 31 ਥਾਵਾਂ ‘ਤੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰ ਚੁੱਕੇ ਹਨ, ਜਿਨ੍ਹਾਂ ਵਿੱਚ ਸੜਕਾਂ, ਸਟ੍ਰੀਟ ਲਾਈਟਾਂ, ਪਾਰਕਾਂ, ਨਾਲੀਆਂ ਅਤੇ ਕਮਿਊਨਟੀ ਸੈਂਟਰਾਂ ਦਾ ਨਵੀਨੀਕਰਨ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਇਹ ਸਾਰੇ ਕੰਮ ਜਨਤਾ ਦੇ ਪੂਰੇ ਸਹਿਯੋਗ ਨਾਲ ਸੰਭਵ ਹੋਏ ਹਨ ਅਤੇ ਅੱਗੇ ਵੀ ਜਲੰਧਰ ਸੈਂਟਰਲ ਦੇ ਹਰੇਕ ਵਾਰਡ ਵਿੱਚ ਵਿਕਾਸ ਦੀ ਰਫ਼ਤਾਰ ਜਾਰੀ ਰਹੇਗੀ।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਮਕਸਦ ਜਲੰਧਰ ਨੂੰ “ਸਮਾਰਟ, ਸੇਫ਼ ਅਤੇ ਫਿਟ ਸਿਟੀ” ਦੇ ਮਾਡਲ ਵਜੋਂ ਅਗੇ ਲੈ ਕੇ ਜਾਣਾ ਹੈ। ਇਸੇ ਤਹਿਤ ਅਗਲੇ ਚਰਣ ਵਿੱਚ ਹੋਰ ਇਲਾਕਿਆਂ ਵਿੱਚ ਓਪਨ ਜਿਮ, ਰਨਿੰਗ ਟਰੈਕ ਅਤੇ ਬੱਚਿਆਂ ਦੇ ਖੇਡ ਇਲਾਕੇ ਵੀ ਵਿਕਸਤ ਕੀਤੇ ਜਾਣਗੇ।

ਮੇਅਰ ਵਨੀਤ ਧੀਰ ਨੇ ਕਿਹਾ ਕਿ “ਸ਼ਹਿਰ ਵਿੱਚ ਵਿਕਾਸ ਕਾਰਜਾਂ ਨਾਲ ਨਾਲ ਫਿਟਨੈਸ ਅਤੇ ਖੇਡ ਦੇ ਢਾਂਚੇ ਨੂੰ ਮਜ਼ਬੂਤ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਇੱਕ ਤੰਦਰੁਸਤ ਕੌਮ ਹੀ ਖੁਸ਼ਹਾਲ ਕੌਮ ਹੁੰਦੀ ਹੈ।” ਉਨ੍ਹਾਂ ਕਿਹਾ ਕਿ ਅਜਿਹੀਆਂ ਪਹਿਲਾਂ ਕੇਵਲ ਖਿਡਾਰੀਆਂ ਲਈ ਹੀ ਨਹੀਂ, ਸਗੋਂ ਹਰੇਕ ਉਮਰ ਦੇ ਲੋਕਾਂ ਵਿੱਚ ਸਿਹਤ ਪ੍ਰਤੀ ਜਾਗਰੂਕਤਾ ਅਤੇ ਸਮਾਜਿਕ ਏਕਤਾ ਨੂੰ ਵੀ ਮਜ਼ਬੂਤ ਕਰਦੀਆਂ ਹਨ।
“ਜਦੋਂ ਲੋਕ ਇੱਕਸਾਥ ਮਿਲ ਕੇ ਖੇਡਦੇ ਹਨ, ਸਰਗਰਮ ਰਹਿੰਦੇ ਹਨ ਅਤੇ ਇਕ ਦੂਸਰੇ ਨਾਲ ਜੋੜਦੇ ਹਨ, ਤਦੋਂ ਸਮਾਜ ਵਿੱਚ ਸਕਾਰਾਤਮਕ ਊਰਜਾ ਪੈਦਾ ਹੁੰਦੀ ਹੈ,” ਉਨ੍ਹਾਂ ਕਿਹਾ।

ਸਮਾਗਮ ਵਿੱਚ ਹਾਜ਼ਰ ਸਥਾਨਕ ਨਿਵਾਸੀਆਂ, ਯੁਵਾਂ ਅਤੇ ਖੇਡ ਪ੍ਰੇਮੀਆਂ ਨੇ ਨਿਤਿਨ ਕੋਹਲੀ ਅਤੇ ਮੇਅਰ ਵਨੀਤ ਧੀਰ ਦੀ ਇਸ ਪਹਿਲ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਜਲੰਧਰ ਵਿੱਚ ਇਸ ਤਰ੍ਹਾਂ ਦੀਆਂ ਖੇਡ ਸਹੂਲਤਾਂ ਨੌਜਵਾਨਾਂ ਲਈ ਨਵੀਂ ਪ੍ਰੇਰਣਾ ਬਣਣਗੀਆਂ।

ਬਹੁਤ ਸਾਰੇ ਲੋਕਾਂ ਨੇ ਕਿਹਾ ਕਿ “ਵਰਿੰਦਰ ਸਿੰਘ ਘੁੰਮਣ ਵਰਗੇ ਮਹਾਨ ਖਿਡਾਰੀ ਨੂੰ ਸਮਰਪਿਤ ਇਹ ਪਾਰਕ ਆਉਣ ਵਾਲੇ ਨੌਜਵਾਨ ਖਿਡਾਰੀਆਂ ਲਈ ਪ੍ਰੇਰਣਾ ਦਾ ਪ੍ਰਤੀਕ ਬਣੇਗਾ।” ਸਮਾਪਤੀ ‘ਤੇ ਸਭ ਨੇ ਦੋ ਮਿੰਟ ਦਾ ਮੌਨ ਰੱਖ ਕੇ ਵਰਿੰਦਰ ਸਿੰਘ ਘੁੰਮਣ ਨੂੰ ਭਾਵੁਕ ਸ਼ਰਧਾਂਜਲੀ ਅਰਪਿਤ ਕੀਤੀ।

ਇਸ ਮੌਕੇ ਸ਼ਹਿਰ ਦੀਆਂ ਪ੍ਰਸਿੱਧ ਹਸਤੀਆਂ ਵੀ ਮੌਜੂਦ ਰਹੀਆਂ, ਜਿਨ੍ਹਾਂ ਵਿੱਚ ਲਗਨਦੀਪ, ਵਿਕੀ ਤੁਲਸੀ , ਅਮਰਦੀਪ ਕਿੰਨੂ, ਤਰਲੋਕ ਸਰਣ, ਜਤਿਨ ਗੁਲਾਟੀ, ਨਿਖਿਲ ਅਰੋੜਾ, ਪਰਵੀਨ ਪਹਲਵਾਨ, ਲਵ ਰਾਬਿਨ, ਗੰਗਾ ਦੇਵੀ, ਬਲਬੀਰ ਬਿੱਟੂ, ਵਨੀਤ ਧੀਰ, ਸੋਨੂ ਚੱਢਾ, ਨਰੇਸ਼ ਸ਼ਰਮਾ, ਪਰਵੀਨ ਵਾਸਨ, ਵਿਜੇ ਵਾਸਨ, ਕਰਣ ਸ਼ਰਮਾ, ਦੀਪਕ ਕੁਮਾਰ, ਅਜੈ ਚੋਪੜਾ, ਵਿਕਾਸ ਗਰੋਵਰ, ਤਰੁਣ ਸਿੱਕਾ, ਗੋਲਡੀ ਮਰਵਾਹਾ, ਐਮ.ਬੀ. ਬਾਲੀ, ਧੀਰਜ ਸੇਠ, ਸੁਭਾਸ਼ ਸ਼ਰਮਾ, ਪਰਵੀਨ ਪੱਬੀ ਹੈਪੀ ਬ੍ਰਿੰਗ, ਅਮਿਤ ਸ਼ਰਮਾ, ਸੰਨੀ ਆਹਲੂਵਾਲੀਆ ਅਤੇ ਸੰਜੀਵ ਤ੍ਰਿਹਨ ਸ਼ਾਮਲ ਸਨ।

ਸਭ ਨੇ ਇਸ ਪਹਿਲ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਹ ਕਦਮ ਜਲੰਧਰ ਨੂੰ ਫਿਟਨੈਸ ਅਤੇ ਖੇਡ ਮੈਦਾਨ ਵਿੱਚ ਇੱਕ ਵੱਖਰੀ ਪਛਾਣ ਦੇਵੇਗਾ ਅਤੇ ‘ਫਿਟ ਸੈਂਟਰਲ’ ਵਰਗੀਆਂ ਪਹਿਲਾਂ ਨਾ ਸਿਰਫ ਨੌਜਵਾਨਾਂ ਨੂੰ ਖੇਡ ਨਾਲ ਜੋੜਦੀਆਂ ਹਨ, ਸਗੋਂ ਸਮਾਜ ਵਿੱਚ ਸਿਹਤ ਅਤੇ ਏਕਤਾ ਦਾ ਸੁਨੇਹਾ ਵੀ ਫੈਲਾਉਂਦੀਆਂ ਹਨ।