ਫੁੱਲਾਂ ਦੀ ਖੇਤੀ ‘ਤੇ ਕੋਰੋਨਾ ਦੀ ਮਾਰ, ਕਿਸਾਨਾਂ ਨੇ ਕੀਤੀ ਮੁਆਵਜ਼ੇ ਤੇ ਡੈਕੋਰੇਸ਼ਨ ਦੀਆਂ ਦੁਕਾਨਾਂ ਸਵੇਰੇ-ਸ਼ਾਮ ਖੋਲ੍ਹਣ ਦੀ ਮੰਗ

  0
  1131

  ਪਟਿਆਲਾ. ਕੋਰੋਨਾਂ ਦਾ ਕਹਿਰ ਪੂਰੀ ਦੁਨੀਆਂ ਵਿੱਚ ਜਿੱਥੇ ਵਪਾਰ ਸਮੇਤ ਹਰ ਪੱਖ ਤੋਂ ਤਬਾਹੀ ਮਚਾ ਰਿਹਾ ਹੈ, ਉਥੇ ਪੰਜਾਬ ਵਿੱਚ ਫੁੱਲਾਂ ਦੀ ਖੇਤੀ ਕਰਨ ਵਾਲੇ ਕਿਸਾਨ ਵੀ ਇਸ ਦੀ ਮਾਰ ਹੇਠ ਪੂਰੀ ਤਰ੍ਹਾਂ ਆ ਚੁੱਕੇ ਹਨ। ਪਟਿਆਲਾ ਜਿਲੇ ਦੇ ਫੁੱਲਾਂ ਦੀ ਖੇਤੀ ਕਰਨ ਵਾਲੇ ਅਗਾਂਹਵਧੂ ਕਿਸਾਨ ਭਰਪੂਰ ਸਿੰਘ, ਨੈਨੋਵਾਲ ਦੇ ਕਿਸਾਨ ਗੁਰਵਿੰਦਰ ਸਿੰਘ ਨਾਨੋਵਾਲ ਅਤੇ ਫਤਹਿਗੜ੍ਹ ਸਾਹਿਦ ਦੇ ਕਿਸਾਨ ਹਾਕਮ ਸਿੰਘ ਖੇੜੀ ਦਾ ਕਹਿਣਾ ਹੈ ਕਿ ਜਿਥੇ ਪੰਜਾਬ ਵਿੱਚ ਇਸ ਵੇਲੇ ਕਰੀਬ 1100 ਹੈਕਟੇਅਰ ਰਕਬੇ ਵਿੱਚ ਕਿਸਾਨਾਂ ਦੁਆਰਾ ਗੁਲਾਬ, ਗੇਂਦਾ, ਗੁਲਦਾਉਦੀ, ਗਲੈਡੀਓਲਸ ਆਦਿ ਤੋ ਇਲਾਵਾ 600 ਹੈਕਟੇਅਰ ਰਕਬੇ ਵਿੱਚ ਬੀਜ ਤਿਆਰ ਕੀਤਾ ਜਾਂਦਾ ਹੈ।

  ਕਿਸਾਨਾਂ ਨੇ ਕਿਹਾ ਲਾਕਡਾਉਨ ਪੈ ਰਿਹਾ ਭਾਰੀ, ਮਜਬੂਰਨ ਵਾਹੁਣੀ ਪੈ ਸਕਦੀ ਹੈ ਫੁੱਲਾਂ ਦੀ ਫਸਲ

  ਕਿਸਾਨਾਂ ਦਾ ਕਹਿਣਾ ਹੈ ਕਿ ਰਵਾਇਤੀ ਖੇਤੀ ਨੂੰ ਤਿਆਗ ਇਹ ਕਿਸਾਨ ਫੁੱਲਾਂ ਦੀ ਖੇਤੀ ਕਰਨ ਲੱਗੇ ਸਨ, ਪਰ ਕੋਰੋਨਾਂ ਕਾਰਨ ਲੱਗਾ ਲਾਕਡਾਉਨ ਇਹਨਾਂ ਕਿਸਾਨਾਂ ਤੇ ਭਾਰੀ ਸਾਬਤ ਹੋ ਰਿਹਾ ਹੈ। ਹਾਲਾਤ ਇਹ ਹਨ ਕਿ ਫੁੱਲਾਂ ਦੀ ਵਿਕਰੀ ਪੂਰੀ ਤਰ੍ਹਾਂ ਬੰਦ ਹੋ ਗਈ ਹੈ, ਜਿਸ ਕਰਕੇ ਫੁੱਲਾਂ ਦੀ ਖੇਤੀ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਦਾ ਭਵਿੱਖ ਵੀ ਦਾਅ ਤੇ ਲੱਗ ਚੁੱਕਾ ਹੈ, ਇਨ੍ਹਾਂ ਪਰਿਵਾਰਾਂ ਦੀ ਰੋਜੀ ਰੋਟੀ ਫੁੱਲਾਂ ਦੀ ਖੇਤੀ ਉਤੇ ਹੀ ਨਿਰਭਰ ਹੈ। ਫੁੱਲਾਂ ਦੇ ਕਾਸਤਕਾਰਾ ਦੀ ਪ੍ਰਸਾਸਨ ਅਤੇ ਸਰਕਾਰ ਨੂੰ ਮੰਗ ਹੈ, ਜਿਵੇਂ ਸਬਜੀਆਂ ਦੀ ਖੇਤੀ ਕਰਨ ਵਾਲੇ ਕਿਸਾਨਾਂ ਲਈ ਆਸ ਦੀ ਕਿਰਨ ਜਾਗੀ ਹੈ, ਫਲ ਅਤੇ ਸਬਜੀ ਵੇਚਣ ਲਈ ਛੋਟ ਦਿੱਤੀ ਗਈ ਹੈ, ਉਸੇ ਤਰ੍ਹਾਂ ਫੁੱਲ ਵੇਚਣ ਵਾਲੇ ਕਿਸਾਨਾਂ ਨੂੰ ਵੀ ਫੁੱਲ ਵੇਚਣ ਵਿਚ ਛੂਟ ਦਿੱਤੀ ਜਾਵੇ ਅਤੇ ਡੈਕੋਰੇਸ਼ਨ ਵਾਲੀਆਂ ਦੁਕਾਨਾਂ ਸਵੇਰੇ ਸ਼ਾਮ ਖੋਲੀਆਂ ਜਾਣ ਅਤੇ ਸਾਰੇ ਕਿਸਾਨਾਂ ਨੂੰ ਮੁਆਵਜ਼ਾ ਦਿਤਾ ਜਾਵੇ ਤਾਂ ਜੋ ਡੁਬਦੀ ਹੋਈ ਫੁੱਲਾਂ ਦੀ ਖੇਤੀ ਨੂੰ ਬਚਾਇਆ ਜਾ ਸਕੇ, ਜੇ ਸਰਕਾਰ ਨੇ ਫੁੱਲਾਂ ਦੀ ਖੇਤੀ ਕਰਨ ਵਾਲੇ ਕਿਸਾਨਾਂ ਵਲ ਧਿਆਨ ਨਾ ਦਿੱਤਾ, ਤਾਂ ਕਿਸਾਨਾਂ ਨੂੰ ਆਪਣੀ ਫੁੱਲਾਂ ਦੀ ਫਸਲ ਨੂੰ ਮਜਬੂਰਨ ਵਾਹੁਣਾ ਪੈ ਸਕਦਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਫੁੱਲਾਂ ਦੀ ਖੇਤੀ ਹੇਠ ਰਕਬਾ ਬਹੁਤ ਘੱਟ ਸਕਦਾ ਹੈ।

  ਸਰਕਾਰ ਦੇ ਫੁੱਲਾਂ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਰੱਖਾਂਗੇ : ਡਾ. ਸਵਰਨ ਸਿੰਘ

  ਪਟਿਆਲਾ ਦੇ ਬਾਗਵਾਨੀ ਵਿਭਾਗ ਦੇ ਡਾਇਰੇਕਟਰ ਸਵਰਨ ਸਿੰਘ ਮਾਨ ਨੇ ਕਿਹਾ ਕਿ ਅਸੀ ਜ਼ਿਲ੍ਹਾ ਪ੍ਰਸ਼ਾਸਨ ਦੇ ਅੱਗੇ ਮੰਗ ਰੱਖੀ ਹੈ ਕਿ ਕਿਸਾਨਾਂ ਦੇ ਫੁੱਲਾਂ ਦੀ ਵਿਕਰੀ ਹੋ ਸਕੇ ਇਸ ਲਈ ਡੈਕੋਰੇਸ਼ਨ ਦੀਆਂ ਦੁਕਾਨਾਂ ਨੂੰ ਖੋਲਣ ਦੀ ਆਗਿਆ ਦਿੱਤੀ ਜਾਵੇ। ਕੋਰੋਨਾ ਸੰਕਟ ਕਾਰਨ ਇਨ੍ਹਾਂ ਕਿਸਾਨਾਂ ਨੂੰ ਹੋ ਰਹੀ ਪਰੇਸ਼ਾਨੀ ਦਾ ਮੁੱਦਾ ਵੀ ਅਸੀ ਸਰਕਾਰ ਦੇ ਧਿਆਨ ਵਿੱਚ ਲਿਆਵਾਂਗੇ ਤੇ ਫੁੱਲਾਂ ਦੀ ਖੇਤੀ ਕਰ ਰਹੇ ਕਿਸਾਨਾਂ ਲਈ ਮੁਆਵਜ਼ੇ ਦੀ ਮੰਗ ਸਰਕਾਰ ਅੱਗੇ ਰੱਖੀ ਜਾਏਗੀ।

  Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।