ਤਰਨਤਾਰਨ (ਬਲਜੀਤ ਸਿੰਘ) | ਪਿੰਡ ਦਿਆਲਪੁਰਾ ਵਿਖੇ ਬੀਤੀ ਰਾਤ ਕਾਂਗਰਸੀ ਸਰਪੰਚ ਵੱਲੋਂ ਗੁਰਦੁਆਰਾ ਬਾਬਾ ਜੀਵਨ ਸਿੰਘ ਵਿਖੇ ਸ਼ਰੇਆਮ ਇੱਟਾਂ-ਰੋੜੇ ਤੇ ਗੋਲੀਆਂ ਚਲਾਈਆਂ ਗਈਆਂ।

ਦੱਸ ਦੇਈਏ ਕਿ ਗੁਰਦੁਆਰਾ ਕਮੇਟੀ ਤੇ ਪਿੰਡ ਦੀ ਪੰਚਾਇਤ ਵਿੱਚ ਵਿਵਾਦ ਚੱਲ ਰਿਹਾ ਹੈ ਕਿ ਗੁਰਦੁਆਰਾ ਸਾਹਿਬ ਦੀ ਕੰਧ ‘ਤੇ ਪੰਚਾਇਤ ਵੱਲੋਂ ਜਬਰੀ ਦੁਕਾਨਾਂ ਦੀ ਉਸਾਰੀ ਕੀਤੀ ਜਾ ਰਹੀ ਹੈ, ਜਿਸ ਨੂੰ ਗੁਰਦੁਆਰਾ ਸਾਹਿਬ ਦੀ ਕਮੇਟੀ ਰੋਕ ਰਹੀ ਸੀ ਪਰ ਕਾਂਗਰਸੀ ਸਰਪੰਚ ਨੇ ਗੁੰਡਾਗਰਦੀ ਕਰਦਿਆਂ ਰਾਤ ਸਮੇਂ ਇਕੱਠੇ ਹੋ ਕੇ ਗੁਰਦੁਆਰਾ ਸਾਹਿਬ ‘ਤੇ ਇੱਟਾਂ-ਰੋੜੇ ਤੇ ਗੋਲੀਆਂ ਚਲਾਈਆਂ, ਜਿਸ ਕਾਰਨ ਗੁਰਦੁਆਰੇ ‘ਚ ਮੌਜੂਦ ਇਕ ਸ਼ਰਧਾਲੂ ਦੇ ਗਲ ਵਿੱਚ ਗੋਲੀ ਲੱਗ ਗਈ, ਜੋ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਪ੍ਰਾਈਵੇਟ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਇਹ ਵਿਵਾਦ ਕਈ ਦਿਨਾਂ ਤੋਂ ਚੱਲ ਰਿਹਾ ਸੀ ਪਰ ਸੰਬੰਧਤ ਪੁਲਸ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਤਮਾਸ਼ਾ ਵੇਖ ਰਿਹਾ ਸੀ, ਜਿਸ ਤੋਂ ਬਾਅਦ ਰਾਤ ਸਮੇਂ ਇਸ ਵਿਵਾਦ ਨੇ ਖੂਨੀ ਰੂਪ ਧਾਰ ਲਿਆ ਤੇ ਸ਼ਰੇਆਮ ਗੋਲੀਆਂ ਅਤੇ ਇੱਟਾਂ-ਰੋੜੇ ਚੱਲੇ।

ਘਟਨਾ ਤੋਂ ਬਾਅਦ ਪੂਰੇ ਇਲਾਕੇ ‘ਚ ਪੁਲਸ ਨੇ ਸਖ਼ਤੀ ਕਰ ਦਿੱਤੀ ਹੈ ਤੇ ਹਰਕਤ ‘ਚ ਆਉਂਦਿਆਂ 13 ਲੋਕਾਂ ‘ਤੇ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਆਪਣੀ ਹਿਰਾਸਤ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।