ਚੰਡੀਗੜ੍ਹ . ਸੂਬੇ ਦੇ ਮਾਂਝੇ ਏਰਿਆ ‘ਚ ਹੋਈਆਂ ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਦਾ ਭਾਂਡਾ ਅਕਾਲੀ ਦਲ ਨੇ ਕਾਂਗਰਸ ਸਿਰ ਭੰਨ੍ਹਿਆ ਹੈ। ਅਕਾਲੀ ਦਲ ਦੇ ਜਨਰਲ ਸੱਕਤਰ ਤੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਸ ਦੇ ਪਿੱਛੇ ਕਾਂਗਰਸ ਦੇ ਅੱਧੇ ਦਰਜਨ ਵਿਧਾਇਕ ਸ਼ਾਮਲ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ।

ਮਜੀਠੀਆ ਨੇ ਸੀਬੀਆਈ ਜਾਂ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਪੂਰੇ ਮਾਮਲੇ ਦੀ ਜਾਂਚ ਕਰਨ ਦੀ ਮੰਗ ਦੁਹਰਾਉਂਦਿਆਂ ਕਿਹਾ ਕਿ ਤਰਨ ਤਾਰਨ ਦੇ ਤਤਕਾਲੀਨ ਐਸਐਸਪੀ ਧਰੁਵ ਦਹੀਆ ‘ਤੇ ਕਤਲ ਦਾ ਕੇਸ ਦਾਇਰ ਕਰਨਾ ਚਾਹੀਦਾ ਹੈ। ਮਜੀਠੀਆ ਨੇ ਕਿਹਾ ਕਿ ਜਿਸ ਤਰ੍ਹਾਂ ਦੋ ਸਾਲ ਪਹਿਲਾਂ ਦੁਸਹਿਰੇ ਵਾਲੇ ਦਿਨ ਅੰਮ੍ਰਿਤਸਰ ਵਿੱਚ ਰੇਲ ਹਾਦਸਾ ਵਾਪਰਿਆ ਸੀ ਤੇ ਸਰਕਾਰ ਨੇ ਲਿਪਾਪੋਚੀ ਕਰ ਦਿੱਤੀ ਸੀ। ਇਸੇ ਤਰ੍ਹਾਂ ਕਾਂਗਰਸ ਸਰਕਾਰ ਇਸ ਮਾਮਲੇ ਵਿੱਚ ਵੀ ਲਿਪਾਪੋਚੀ ਕਰਨ ‘ਚ ਰੁੱਝ ਗਈ ਹੈ। ਐਸਐਚਓ, ਆਬਕਾਰੀ ਦੇ ਇੰਸਪੈਕਟਰਾਂ ‘ਤੇ ਕਾਰਵਾਈ ਕੀਤੀ ਜਾ ਰਹੀ ਹੈ ਜਦਕਿ ਵੱਡੀਆਂ ਮੱਛੀਆਂ ਫੜੀਆਂ ਨਹੀਂ ਜਾ ਰਹੀਆਂ ਹਨ।

ਮਜੀਠੀਆ ਨੇ ਕੈਪਟਨ ਸਰਕਾਰ ‘ਤੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਣ ਵਾਲੇ ਮੌਤਾਂ ਦੀ ਗਿਣਤੀ ਲੁਕਾਉਣ ਦਾ ਵੀ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਹੁਣ ਤੱਕ 100 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ ਪਰ ਸਰਕਾਰ ਨੇ ਜਾਣਬੁੱਝ ਕੇ ਅੰਕੜਾ ਛਪਾਈ ਰੱਖਿਆ। ਮਜੀਠੀਆ ਨੇ ਕਿਹਾ ਕਿ ਪੱਟੀ ਦੇ ਵਿਧਾਇਕ ਹਰਮਿੰਦਰ ਗਿੱਲ, ਖਡੂਰ ਸਾਹਿਬ ਦੇ ਰਮਨਜੀਤ ਸਿੰਘ ਸਿੱਕੀ, ਜੰਡਿਆਲਾ ਗੁਰੂ ਦੇ ਸੁਖਵਿੰਦਰ ਸਿੰਘ ਡੈਨੀ, ਤਰਨ ਤਾਰਨ ਦੇ ਡਾ. ਧਰਮਵੀਰ ਅਗਨੀਹੋਤਰੀ ਦੀ ਅਗਵਾਈ ਹੇਠ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਪ੍ਰਫੁੱਲਤ ਹੋ ਰਿਹਾ ਸੀ। ਮੁੱਖ ਮੰਤਰੀ ਸਣੇ ਪ੍ਰਸ਼ਾਸਨ ਇਸ ਬਾਰੇ ਚੰਗੀ ਤਰ੍ਹਾਂ ਜਾਣਦਾ ਸੀ।