ਨਵੀਂ ਦਿੱਲੀ । ਕਾਂਗਰਸੀ ਆਗੂ ਤੇ ਅਦਾਕਾਰ ਰਾਜ ਬੱਬਰ ਨੂੰ ਦੋ ਸਾਲ ਦੀ ਜੇਲ੍ਹ ਹੋ ਗਈ ਹੈ। 26 ਸਾਲ ਪੁਰਾਣੇ ਮਾਮਲੇ ਵਿੱਚ ਅਦਾਲਤ ਨੇ ਰਾਜ ਬੱਬਰ ਨੂੰ ਦੋ ਸਾਲ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ 8500 ਰੁਪਏ ਜੁਰਮਾਨਾ ਵੀ ਲਾਇਆ ਹੈ।

ਰਾਜ ਬੱਬਰ ਨੂੰ ਇਹ ਸਜ਼ਾ ਲਖਨਊ ਦੇ ਵਜ਼ੀਰਗੰਜ ‘ਚ ਚੋਣ ਅਧਿਕਾਰੀ ‘ਤੇ ਹਮਲਾ ਕਰਨ ਦੇ ਦੋਸ਼ ‘ਚ ਦਿੱਤੀ ਹੈ। 2 ਮਈ 1996 ਨੂੰ ਐਫਆਈਆਰ ਦਰਜ ਹੋਈ ਸੀ। ਜਾਣਕਾਰੀ ਲਈ ਦੱਸ ਦੇਈਏ ਕਿ ਜਦੋਂ ਰਾਜ ਬੱਬਰ ਨੇ ਚੋਣ ਅਧਿਕਾਰੀ ਨਾਲ ਕੁੱਟਮਾਰ ਕੀਤੀ ਸੀ, ਉਸ ਸਮੇਂ ਉਹ ‘ਸਪਾ’ ਦੇ ਉਮੀਦਵਾਰ ਸਨ। ਉਸ ਸਮੇਂ ਅਦਾਲਤ ਨੇ ਉਸ ਨੂੰ ਜ਼ਮਾਨਤ ਦੇ ਦਿੱਤੀ ਸੀ।

ਬੱਬਰ ਨੇ ਜਿਹੜੇ ਚੋਣ ਅਧਿਕਾਰੀ ਦੀ ਕੁੱਟਮਾਰ ਕੀਤੀ ਸੀ, ਉਸ ਦਾ ਨਾਂ ਸ਼੍ਰੀ ਕ੍ਰਿਸ਼ਨ ਸਿੰਘ ਰਾਣਾ ਹੈ। ਆਪਣੇ ਨਾਲ ਕੁੱਟਮਾਰ ਦੀ ਘਟਨਾ ਤੋਂ ਬਾਅਦ ਸ਼੍ਰੀ ਕ੍ਰਿਸ਼ਨ ਸਿੰਘ ਨੇ ਵਜ਼ੀਰਗੰਜ ਥਾਣੇ ‘ਚ ਰਾਜ ਬੱਬਰ ਤੇ ਅਰਵਿੰਦ ਯਾਦਵ ਸਮੇਤ ਕਈ ਲੋਕਾਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ।

ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਰਾਜ ਬੱਬਰ ਅਚਾਨਕ ਆਪਣੇ ਸਮਰਥਕਾਂ ਸਮੇਤ ਪੋਲਿੰਗ ਸਥਾਨ ਵਿੱਚ ਦਾਖਲ ਹੋਏ ਤੇ ਇਸ ਤੋਂ ਬਾਅਦ ਉਨ੍ਹਾਂ ਨੇ ਉੱਥੇ ਮੌਜੂਦ ਕਰਮਚਾਰੀਆਂ ਦੀ ਕੁੱਟਮਾਰ ਕਰਨ ਦੇ ਨਾਲ-ਨਾਲ ਵੋਟਿੰਗ ਪ੍ਰਕਿਰਿਆ ਨੂੰ ਪ੍ਰਭਾਵਿਤ ਕੀਤਾ। ਇਸ ਦੌਰਾਨ ਸ਼੍ਰੀ ਕ੍ਰਿਸ਼ਨ ਸਿੰਘ ਰਾਣਾ ਤੋਂ ਇਲਾਵਾ ਕਈ ਹੋਰ ਲੋਕ ਵੀ ਜ਼ਖਮੀ ਹੋ ਗਏ।