ਖਰੜ| ਪੰਜਾਬ ਵਿੱਚ ਨਿੱਤ ਅਪਰਾਧਿਕ ਤੇ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਘਰਾਂ, ਦੁਕਾਨਾਂ, ਨੂੰ ਛੱਡ ਚੋਰ ਥਾਣਿਆਂ ਨੂੰ ਵੀ ਆਪਣਾ ਸ਼ਿਕਾਰ ਬਣਾ ਰਹੇ ਹਨ। ਤਾਜ਼ਾ ਮਾਮਲਾ ਖਰੜ ਤੋਂ ਸਾਹਮਣੇ ਆਇਆ ਹੈ ਜਿੱਥੇ ਚੋਰਾਂ ਨੇ ਖਰੜ ਸਿਟੀ ਪੁਲਿਸ ਸਟੇਸ਼ਨ ਦੇ ਇੱਕ ਪੁਲਿਸ ਮੁਲਾਜ਼ਮ ਦਾ ਦਰਵਾਜ਼ਾ ਤੋੜ ਕੇ ਅੰਦਰੋਂ ਇੱਕ ਲੈਪਟਾਪ ਚੋਰੀ ਕਰ ਲਿਆ।
ਇਹ ਘਟਨਾ ਬੀਤੀ 14 ਮਾਰਚ ਨੂੰ ਵਾਪਰੀ ਸੀ। ਇਸ ਮਾਮਲੇ ਵਿੱਚ ਸ਼ਿਕਾਇਤਕਰਤਾ ਏਐਸਆਈ ਬਲਬੀਰ ਸਿੰਘ ਹਨ। ਉਨ੍ਹਾਂ ਨੇ ਕਿਹਾ ਕਿ ਉਹ ਬੀਤੇ 13 ਮਾਰਚ ਨੂੰ ਪੰਜਾਬ-ਹਰਿਆਮਾ ਹਾਈਕੋਰਟ ਵਿਚ ਇਕ ਪਟੀਸ਼ਨ ਦੇ ਸਿਲਸਿਲੇ ਵਿਚ ਗਏ ਸਨ।
ਇਕ ਹੋਰ ਪੁਲਿਸ ਮੁਲਾਜ਼ਮ ਸਿਕੰਦਰ ਸਿੰਘ ਨੇ ਲੈਪਟਾਪ ਬੈਗ ਵਿਚ ਪਾ ਕੇ ਥਾਣੇ ਵਿਚ ਬਣੇ ਕਮਰੇ ਵਿਚ ਅਲਮਾਰੀ ਵਿਚ ਰੱਖ ਦਿੱਤਾ ਸੀ। ਇਸ ਬਾਰੇ ਉਨ੍ਹਾਂ ਨੂੰ ਜਾਣਕਾਰੀ ਵੀ ਦਿੱਤੀ ਸੀ।
ਜਦੋਂ ਏਐਸਆਈ ਥਾਣੇ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਉਸ ਦੇ ਕਮਰੇ ਦਾ ਦਰਵਾਜ਼ਾ ਥੋੜ੍ਹਾ ਟੁੱਟਿਆ ਹੋਇਆ ਸੀ। ਉਸ ਦਾ ਲੈਪਟਾਪ ਉਥੋਂ ਗਾਇਬ ਸੀ। ਅਲਮਾਰੀ ਵੀ ਟੁੱਟੀ ਹੋਈ ਸੀ। ਪੁਲਿਸ ਮੁਲਾਜ਼ਮ ਨੇ ਇਸ ਬਾਰੇ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕੀਤਾ ਅਤੇ ਉਸ ਤੋਂ ਬਾਅਦ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ।
ਫੁਟੇਜ ਤੋਂ ਪਤਾ ਲੱਗਾ ਹੈ ਕਿ ਤੜਕੇ 2.30 ਵਜੇ ਦੋ ਅਣਪਛਾਤੇ ਨੌਜਵਾਨ ਪੁਲਿਸ ਮੁਲਾਜ਼ਮ ਦੇ ਕਮਰੇ ਵਿਚ ਦਾਖ਼ਲ ਹੋਏ। ਦੱਸ ਦੇਈਏ ਕਿ ਮਾਮਲੇ ਵਿੱਚ ਸ਼ਿਕਾਇਤਕਰਤਾ ਏਐਸਆਈ ਵੀ ਜਾਂਚ ਅਧਿਕਾਰੀ ਹੈ। ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਅਪਰਾਧੀਆਂ ਨੇ ਇਹ ਚੋਰੀ ਖੁਦ ਕੀਤੀ ਹੋਵੇ ਜਾਂ ਕਿਸੇ ਦੇ ਕਹਿਣ ‘ਤੇ ਇਹ ਵਾਰਦਾਤ ਕੀਤੀ ਹੋਵੇ। ਥਾਣਾ ਸਦਰ ਦੀ ਪੁਲਿਸ ਨੇ ਆਈਪੀਸੀ ਦੀ ਧਾਰਾ 457 (ਧੋਖਾਧੜੀ), 380 (ਚੋਰੀ) ਅਤੇ 120ਬੀ (ਅਪਰਾਧਿਕ ਸਾਜ਼ਿਸ਼ ਰਚਣ) ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।