ਚੰਡੀਗੜ੍ਹ, 23 ਨਵੰਬਰ | ਪੰਜਾਬ ਵਿਚ ਠੰਡ ਨੇ ਜ਼ੋਰ ਫੜ ਲਿਆ ਹੈ। ਪਹਾੜੀ ਰਾਜਾਂ ਵਿਚ ਬਰਫ਼ਬਾਰੀ ਦਾ ਦੌਰ ਸ਼ੁਰੂ ਹੋ ਗਿਆ ਹੈ। ਹੇਠਲੇ ਰਾਜਾਂ ਵਿਚ ਵੀ ਸਰਦੀਆਂ ਨੇ ਆਪਣਾ ਰੰਗ ਵਿਖਾਇਆ ਹੈ। ਸਵੇਰ ਅਤੇ ਸ਼ਾਮ ਨੂੰ ਧੁੰਦ ਵੀ ਦੇਖਣ ਨੂੰ ਮਿਲ ਰਹੀ ਹੈ। ਤਾਪਮਾਨ ਵਿਚ ਗਿਰਾਵਟ ਕਾਰਨ ਲੋਕਾਂ ਨੇ ਗਰਮ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ ਹਨ।

ਪਹਾੜੀ ਇਲਾਕਿਆਂ ਵਿਚ ਬਰਫਬਾਰੀ ਦਾ ਦੌਰ ਸ਼ੁਰੂ ਹੋਣ ਨਾਲ ਨੇੜਲੇ ਮੈਦਾਨੀ ਇਲਾਕਿਆਂ ਵਿਚ ਤਾਪਮਾਨ ਵਿਚ ਗਿਰਾਵਟ ਆਈ ਹੈ। ਇਸ ਦੇ ਚਲਦਿਆਂ ਪੰਜਾਬ ਵਿਚ ਠੰਡ ਨੇ ਦਸਤਕ ਦੇ ਦਿੱਤੀ ਹੈ। ਸਵੇਰੇ ਤੇ ਸ਼ਾਮ ਵੇਲੇ ਸੰਘਣੀ ਧੁੰਦ ਦੇਖਣ ਨੂੰ ਮਿਲ ਰਹੀ ਹੈ। ਮੌਸਮ ਵਿਭਾਗ ਅਨੁਸਾਰ ਪੰਜਾਬ ਵਿਚ ਕੱਲ੍ਹ ਦੇ ਮੁਕਾਬਲੇ ਅੱਜ ਔਸਤ ਘੱਟੋ-ਘੱਟ ਤਾਪਮਾਨ ਵਿਚ -0.9 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ।

ਤਾਪਮਾਨ ਵਿਚ ਗਿਰਾਵਟ ਕਾਰਨ ਲੋਕਾਂ ਨੇ ਗਰਮ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ ਹਨ। ਹਾਲਾਂਕਿ ਦਿਨ ਵੇਲੇ ਧੁੱਪ ਨਿਕਲਣ ਕਾਰਨ ਲੋਕਾਂ ਨੂੰ ਰਾਹਤ ਮਿਲ ਰਹੀ ਹੈ। ਇਸ ਦੇ ਨਾਲ ਹੀ ਅੱਜ ਤੋਂ ਕੁਝ ਦਿਨਾਂ ਤਕ ਪੱਛਮੀ ਹਿਮਾਲਿਆ ਦੀਆਂ ਪਹਾੜੀਆਂ ‘ਚ ਕਈ ਥਾਵਾਂ ‘ਤੇ ਹਲਕੀ ਬਾਰਿਸ਼ ਅਤੇ ਬਰਫਬਾਰੀ ਦੀ ਸੰਭਾਵਨਾ ਹੈ। 27 ਨਵੰਬਰ ਨੂੰ ਦਿੱਲੀ-ਐਨਸੀਆਰ ਵਿਚ ਵੀ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਕੇਰਲ ਅਤੇ ਕਰਨਾਟਕ ‘ਚ ਅੱਜ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਆਂਧਰਾ ਪ੍ਰਦੇਸ਼, ਉੜੀਸਾ, ਮਹਾਰਾਸ਼ਟਰ ਅਤੇ ਛੱਤੀਸਗੜ੍ਹ ਦੇ ਕੁਝ ਇਲਾਕਿਆਂ ਵਿਚ ਵੀ ਮੀਂਹ ਪੈ ਸਕਦਾ ਹੈ।