ਜਲੰਧਰ | ਮੁੱਖ ਮੰਤਰੀ ਭਗਵੰਤ ਮਾਨ ਅੱਜ ਈਦ ਦੇ ਮੌਕੇ ‘ਤੇ ਜਲੰਧਰ ਦੇ ਗੁਲਾਬ ਦੇਵੀ ਰੋਡ ਸਥਿਤ ਈਦਗਾਹ ਪਹੁੰਚੇ, ਜਿੱਥੇ ਉਨ੍ਹਾਂ ਨੇ ਮੁਸਲਿਮ ਭਾਈਚਾਰੇ ਨਾਲ ਈਦ ਦਾ ਤਿਉਹਾਰ ਮਨਾਇਆ ਅਤੇ ਉਨ੍ਹਾਂ ਨੂੰ ਸ਼ੁਭ-ਕਾਮਨਾਵਾਂ ਦਿੱਤੀਆਂ। ਇਸ ਮੌਕੇ ਉਨ੍ਹਾਂ ਨਾਲ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਦੇ ਉਮੀਦਵਾਰ ਸੁਸ਼ੀਲ ਰਿੰਕੂ ਅਤੇ ਵਿਧਾਇਕ ਵੀ ਮੌਜੂਦ ਸਨ।

ਉਨ੍ਹਾਂ ਕਿਹਾ ਕਿ ਈਦ ਦੇ ਮੌਕੇ ‘ਤੇ ਉਨ੍ਹਾਂ ਨੇ ਪੰਜਾਬ ਦੇ ਨਾਲ-ਨਾਲ ਵਿਸ਼ਵ ਵਿਚ ਸ਼ਾਂਤੀ ਲਈ ਅਰਦਾਸ ਕੀਤੀ ਹੈ। ਇਸ ਮੌਕੇ ਮੁਸਲਿਮ ਭਾਈਚਾਰੇ ਨੇ ਮੁੱਖ ਮੰਤਰੀ ਦੇ ਨਾਲ ਆਏ ‘ਆਪ’ ਉਮੀਦਵਾਰਾਂ ਅਤੇ ਵਿਧਾਇਕਾਂ ਦਾ ਸਨਮਾਨ ਵੀ ਕੀਤਾ।

ਮੁੱਖ ਮੰਤਰੀ ਦਾ ਗੁਲਾਬ ਦੇਵੀ ਈਦਗਾਹ ਵਿਖੇ ਪਹੁੰਚਣ ‘ਤੇ ਮੁਸਲਿਮ ਭਾਈਚਾਰੇ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਮੁੱਖ ਮੰਤਰੀ ਨੂੰ ਈਦ ‘ਤੇ ਅੱਲ੍ਹਾ ਦਾ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ। ਮੁੱਖ ਮੰਤਰੀ ਨੇ ਈਦ ‘ਤੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਗਲੇ ਮਿਲ ਕੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਖੁਦਾ ਸਾਰਿਆਂ ਨੂੰ ਆਪਣੀਆਂ ਬੇਸ਼ੁਮਾਰ ਰਹਿਮਤਾਂ ਤੇ ਖੁਸ਼ੀਆਂ ਬਖਸ਼ਿਸ਼ ਕਰੇ।