ਚੰਡੀਗੜ੍ਹ। ਕਹਿਰ ਵਰ੍ਹਾਉਂਦੀ ਗਰਮੀ ਤੋਂ ਹੁਣ ਲੋਕਾਂ ਨੂੰ ਛੇਤੀ ਹੀ ਰਾਹਤ ਮਿਲ ਸਕਦੀ ਹੈ। ਮੌਸਮ ਵਿਭਾਗ ਦੇ ਮਾਹਿਰਾਂ ਨੇ ਜੋ ਜਾਣਕਾਰੀ ਦਿੱਤੀ ਹੈ, ਉਸ ਮੁਤਾਬਿਕ 40 ਐਮੱਐੱਮ ਤੱਕ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ।

ਮਾਹਿਰਾਂ ਮੁਤਾਬਿਕ ਮੀਂਹ ਦੇ ਨਾਲ-ਨਾਲ ਤੇਜ਼ ਹਵਾਵਾਂ ਵੀ ਚੱਲਣਗੀਆਂ। ਗਰਮੀ ਦੇ ਕਹਿਰ ਕਾਰਨ ਬੇਸਹਾਰਾ ਲੋਕਾਂ ਦਾ ਜਿਊਣਾ ਦੁੱਭਰ ਹੋਇਆ ਪਿਆ ਹੈ।

ਗਰਮੀ ਕਾਰਨ ਮੌਸਮੀ ਬਿਮਾਰੀਆਂ ਦਾ ਵੀ ਕਾਫੀ ਵਾਧਾ ਹੋਇਆ ਹੈ। ਬੱਚੇ ਅਤੇ ਬਜ਼ੁਰਗ ਗਰਮੀ ਦਾ ਜ਼ਿਆਦਾ ਸ਼ਿਕਾਰ ਹੋ ਰਹੇ ਹਨ। ਸਭ ਨੂੰ ਮੀਂਹ ਦੀ ਉਡੀਕ ਹੈ ਜੋ ਹੁਣ ਅੱਜ-ਕੱਲ੍ਹ ‘ਚ ਪੂਰੀ ਹੋਣ ਦੀ ਸੰਭਾਵਨਾ ਹੈ।

ਮੌਸਮ ਵਿਗਿਆਨੀ ਡਾ. ਜਗਦੀਸ਼ ਗਰੋਵਰ ਨੇ ਦੱਸਿਆ ਕਿ ਗਰਮੀ ਕਾਰਨ ਖੁਸ਼ਕ ਹੋਏ ਮੌਸਮ ‘ਚ ਜਿੱਥੇ ਨਰਮੇ ਨੂੰ ਚਿੱਟਾ ਮੱਛਰ ਪੈ ਰਿਹਾ ਹੈ, ਉੱਥੇ ਹੀ ਸਬਜੀਆਂ ਆਦਿ ਵੀ ਤਬਾਹ ਹੋਣ ਲੱਗੀਆਂ ਹਨ। ਹੁਣ ਜਦੋਂ ਮੀਂਹ ਦੀ ਆਮਦ ਆਉਣ ਵਾਲੇ ਦਿਨਾਂ ‘ਚ ਹੋਣੀ ਹੈ ਤਾਂ ਫਸਲਾਂ ਨੂੰ ਵੀ ਹੁਲਾਰਾ ਮਿਲੇਗਾ ਅਤੇ ਮਨੁੱਖੀ ਜਨ ਜੀਵਨ ਨੂੰ ਵੀ ਗਰਮੀ ਤੋਂ ਰਾਹਤ ਮਿਲੇਗੀ।

ਮੌਸਮ ਵਿਭਾਗ ਅਨਸਾਰ ਜ਼ਿਲ੍ਹਾ ਬਠਿੰਡਾ, ਲੁਧਿਆਣਾ, ਤਰਨਤਾਰਨ, ਪਠਾਨਕੋਟ, ਗੁਰਦਾਸਪੁਰ, ਜਲੰਧਰ, ਅੰਮ੍ਰਿਤਸਰ, ਨਵਾਂ ਸ਼ਹਿਰ, ਹੁਸ਼ਿਆਰਪੁਰ, ਮੁਹਾਲੀ ਅਤੇ ਕਪੂਰਥਲਾ ਦੇ ਨੇੜਲੇ ਇਲਾਕਿਆਂ ‘ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਭਾਰੀ ਬਰਸਾਤ ਦੀ ਚਿਤਾਵਨੀ ਦੇ ਚੱਲਦਿਆਂ ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਵੀ ਫਸਲਾਂ ਦਾ ਖਾਸ ਧਿਆਨ ਰੱਖਣ ਦੀ ਸਲਾਹ ਦਿੱਤੀ ਹੈ।