ਸ਼ਹੀਦ ਭਗਤ ਸਿੰਘ ਦੇ ਬਲੀਦਾਨ ਅਤੇ ਆਜ਼ਾਦੀ ਸੰਗਰਾਮ ਨੂੰ ਸ਼ਰਧਾਂਜਲੀ ਵਜੋਂ ਸਮਰਪਿਤ ਹੋਵੇਗਾ ਪ੍ਰਾਜੈਕਟ
ਡਿਪਟੀ ਕਮਿਸ਼ਨਰ ਅਤੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਡਾਇਰੈਕਟਰ ਨੇ ਲਿਆ ਤਿਆਰੀਆਂ ਦਾ ਜਾਇਜ਼ਾ
ਖਟਕੜ ਕਲਾਂ(ਸ਼ਹੀਦ ਭਗਤ ਸਿੰਘ ਨਗਰ), 27 ਜੁਲਾਈ:
ਪੰਜਾਬ ਸਰਕਾਰ ਵੱਲੋਂ ਖਟਕੜ ਕਲਾਂ ਵਿਖੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਮਿਊਜੀਅਮ ਦੇ ਨਾਲ ਬਨਣ ਵਾਲੇ ਸ਼ਹੀਦ ਭਗਤ ਸਿੰਘ ਵਿਰਾਸਤੀ ਕੰਪਲੈਕਸ ਦਾ ਨੀਂਹ ਪੱਥਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਸੋਮਵਾਰ ਨੂੰ ਰੱਖਿਆ ਜਾਵੇਗਾ।
ਜਜਬੇ ਅਤੇ ਆਜ਼ਾਦੀ ਸੰਗਰਸ਼ ਦੀ ਭਾਵਨਾ ਨੂੰ ਦਰਸਾਉਣ ਵਾਲਾ ਇਹ ਪ੍ਰਾਜੈਕਟ ਕਰੀਬ 52 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਵੇਗਾ ਜੋ ਸੈਲਾਨੀਆ ਲਈ ਬੇਹੱਦ ਅਨੁਭਵ ਆਜ਼ਾਦੀ ਸੰਗਰਾਮ ਨੂੰ ਸ਼ਰਧਾਂਜਲੀ ਵਜੋਂ ਸੰਕਲਪਿਤ ਹੋਵੇਗਾ। ਸ਼ਹੀਦ ਭਗਤ ਸਿੰਘ ਵਿਰਾਸਤੀ ਕੰਪਲੈਕਸ ਦੇਸ਼ ਦੇ ਮਹਾਨ ਸ਼ਹੀਦਾਂ ਦੀ ਜਿੰਦਗੀ ਅਤੇ ਦੇਸ਼ ਲਈ ਦਿੱਤੇ ਬਲੀਦਾਨ ਦੇ ਵੱਖ-ਵੱਖ ਪਹਿਲੂਆਂ ਨੂੰ ਪੜਾਅਵਾਰ ਦਰਸਾਏਗਾ ਜੋ ਕਿ ਆਉਣ ਵਾਲੀਆਂ ਪੀੜੀਆਂ ਲਈ ਦੇਸ਼ ਭਗਤੀ ਦਾ ਪ੍ਰੇਰਨਾ ਸਰੋਤ ਹੋਵੇਗਾ।
ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਪੁੱਜੇ ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ, ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਡਾਇਰੈਕਟਰ ਸੰਜੀਵ ਤਿਵਾੜੀ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਸਮੇਤ ਮਿਊਜੀਅਮ ਅਤੇ ਨੀਂਹ ਪੱਥਰ ਸਮਾਰੋਹ ਵਾਲੀ ਜਗ੍ਹਾ ‘ਤੇ ਪ੍ਰਬੰਧਾਂ ਦੀ ਸਮੀਖਿਆ ਕਰਦਿਆਂ ਲੋੜੀਂਦੇ ਨਿਰਦੇਸ਼ ਦਿੱਤੇ। ਉਨ੍ਹਾਂ ਦੱਸਿਆ ਕਿ ਸਮਾਗਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸੁਰੱਖਿਆ ਦੇ ਨਾਲ-ਨਾਲ ਲੋਕਾਂ ਦੀ ਆਮਦ ਦੇ ਮੱਦੇਨਜ਼ਰ ਪੰਡਾਲ ਵਿੱਚ ਹਰ ਪੱਖੋਂ ਢੁੱਕਵੇਂ ਇੰਤਜਾਮ ਕੀਤੇ ਗਏ ਹਨ।
ਜਿਕਰਯੋਗ ਹੈ ਕਿ ਵਿਰਾਸਤੀ ਕੰਪਲੈਕਸ ਵਿਖੇ ਵਿਸ਼ਾਲ ਥੀਮੈਂਟਿਕ ਗੇਟ ਬਣੇਗਾ ਜਿਸ ਤੋਂ ਹੁੰਦੇ ਹੋਏ ਸੈਲਾਨੀ ਵਿਰਾਸਤੀ ਮਾਰਗ ਰਾਹੀਂ ਮਹਾਨ ਸ਼ਹੀਦਾਂ ਬਾਰੇ ਇਤਿਹਾਸਕ ਜਾਣਕਾਰੀਆਂ ਹਾਸਲ ਕਰਨਗੇ। ਇਸ ਕੰਪਲੈਕਸ ਵਿੱਚ ਆਡੀਟੋਰੀਅਮ, ਜੱਦੀ ਘਰ ਦਾ ਦ੍ਰਿਸ਼, ਸੁੰਦਰ ਬਾਗਬਾਨੀ, ਲੈਂਡ ਸਕੈਪਿੰਗ ਆਦਿ ਵਿਸ਼ੇਸ਼ਤਾਵਾਂ ਹੋਣਗੀਆਂ।
ਕੈਪਸ਼ਨ: ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਅਤੇ ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਡਾਇਰੈਕਟਰ ਸੰਜੀਵ ਤਿਵਾੜੀ ਸਮਾਗਮ ਦੀਆਂ ਤਿਆਰੀਆਂ ਦੀ ਸਮੀਖਿਆ ਕਰਦੇ ਹੋਏ।