ਚੰਡੀਗੜ੍ਹ, 12 ਦਸੰਬਰ | ਸੈਕਟਰ-82 ਵਿਚ ਸਥਿਤ ਉਸਾਰੀ ਅਧੀਨ ਇਮਾਰਤ ਦੀ ਪਹਿਲੀ ਮੰਜ਼ਿਲ ’ਤੇ ਰਹਿੰਦੇ 3 ਮਜ਼ਦੂਰ ਕਰਮਚਾਰੀਆਂ ’ਤੇ ਹਮਲਾ ਕਰਕੇ 3 ਮੋਬਾਇਲ ਤੇ 15 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ ਗਈ। ਮੁਲਜ਼ਮਾਂ ਨੇ ਪਹਿਲਾਂ ਤਿੰਨਾਂ ਨੂੰ ਬੰਧਕ ਬਣਾਇਆ ਅਤੇ ਫਿਰ ਕੁੱਟਮਾਰ ਕਰਦਿਆਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਸੋਹਾਣਾ ਥਾਣਾ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ।

ਘਟਨਾ ਰੇਤ ਰਾਤ ਦੀ ਹੈ, ਜਦੋਂ ਪੀ.ਓ.ਪੀ. ਦਾ ਕੰਮ ਕਰਨ ਵਾਲੇ ਰਵੀ, ਮੋਨੂੰ ਅਤੇ ਮੁੰਨਾ ਕਮਰੇ ‘ਚ ਸੁੱਤੇ ਪਏ ਸਨ। ਉਨ੍ਹਾਂ ਕੋਲ 4 ਅਣਪਛਾਤੇ ਵਿਅਕਤੀ ਆਏ ਤੇ 3 ਮੋਬਾਇਲ ਅਤੇ 15 ਹਜ਼ਾਰ ਰੁਪਏ ਦੀ ਨਕਦੀ ਲੈ ਗਏ। ਹਮਲਾ ਕਰਨ ਤੋਂ ਪਹਿਲਾਂ ਲੁਟੇਰਿਆਂ ਨੇ ਗਰਾਊਂਡ ਫਲੌਰ ’ਤੇ ਚੌਕੀਦਾਰ ਦੇ ਕਮਰੇ ਦਾ ਦਰਵਾਜ਼ਾ ਬੰਦ ਕਰ ਦਿੱਤਾ ਤਾਂ ਜੋ ਕੋਈ ਮਦਦ ਲਈ ਨਾ ਆ ਸਕੇ। ਰੌਲਾ ਪੈਣ ’ਤੇ ਮਕਾਨ ਮਾਲਕ ਅਤੇ ਗੁਆਂਢੀ ਮੌਕੇ ‘ਤੇ ਪਹੁੰਚੇ ਅਤੇ ਜ਼ਖ਼ਮੀਆਂ ਨੂੰ ਇਲਾਜ ਲਈ ਰਾਤ ਨੂੰ ਸਿਵਲ ਹਸਪਤਾਲ ਲੈ ਗਏ। ਰਵੀ ਦੇ ਪੈਰ ‘ਚ ਫਰੈਕਚਰ, ਮੋਨੂੰ ਦੇ ਸਿਰ ’ਤੇ ਟਾਂਕੇ ਤੇ ਹੱਥ ‘ਚ ਫਰੈਕਚਰ ਅਤੇ ਮੁੰਨਾ ਦੇ ਸਿਰ ’ਤੇ ਗੰਭੀਰ ਸੱਟ ਲੱਗੀ ਹੈ। ਫਿਲਹਾਲ ਤਿੰਨੋਂ ਜ਼ਖ਼ਮੀ ਹਸਪਤਾਲ ‘ਚ ਜ਼ੇਰੇ ਇਲਾਜ ਹਨ।

ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਲੁਟੇਰਿਆਂ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਇਮਾਰਤ ‘ਚ ਲੱਗੇ ਕੈਮਰਿਆਂ ਦੀਆਂ ਤਾਰਾਂ ਕੱਟ ਦਿੱਤੀਆਂ ਤਾਂ ਜੋ ਕਿਸੇ ਦੀ ਪਛਾਣ ਨਾ ਹੋ ਸਕੇ। ਉਥੇ ਹੀ ਚੌਕੀਦਾਰ ਨੇ ਦੱਸਿਆ ਕਿ ਲੁਟੇਰਿਆਂ ਨੇ ਕਮਰਾ ਬੰਦ ਕਰ ਦਿੱਤਾ ਸੀ, ਇਸ ਦੇ ਨਾਲ ਹੀ ਇਮਾਰਤ ਦੀਆਂ ਲਾਈਟਾਂ ਵੀ ਬੰਦ ਕਰ ਦਿੱਤੀਆਂ। ਲੁਟੇਰੇ ਇਕ ਕਾਰ ‘ਚ ਆਏ ਸਨ, ਜਿਸ ਨੂੰ ਉਨ੍ਹਾਂ ਬਿਲਡਿੰਗ ਤੋਂ ਥੋੜ੍ਹੀ ਦੂਰ ਖੜ੍ਹੀ ਕਰ ਦਿੱਤਾ ਸੀ।