ਚੰਡੀਗੜ੍ਹ | ਚੰਡੀਗੜ੍ਹ ਦੇ ਸੈਕਟਰ 41 ਵਿੱਚ 22 ਸਾਲਾ ਵਿਦਿਆਰਥੀ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਅੰਜਲੀ ਨਾਂ ਦੀ ਵਿਦਿਆਰਥਣ ਸੈਕਟਰ-41 ਦੇ ਸਰਕਾਰੀ ਕੁਆਰਟਰ ਵਿੱਚ ਰਹਿੰਦੀ ਸੀ, ਕੁਝ ਸਮਾਂ ਪਹਿਲਾਂ ਹੀ ਅੰਜਲੀ ਦੇ ਪਿਤਾ ਦੀ ਮੌਤ ਹੋ ਗਈ ਸੀ। ਮ੍ਰਿਤਕਾ ਅੰਜਲੀ ਆਪਣੀ ਮਾਤਾ ਅਤੇ ਭਰਾ ਨਾਲ ਰਹਿੰਦੀ ਸੀ। ਅੱਜ ਸਵੇਰੇ ਕਰੀਬ 10 ਵਜੇ ਸਾਰੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਿਆ।
ਪੁਲਿਸ ਅਨੁਸਾਰ ਮ੍ਰਿਤਕ ਅੰਜਲੀ ਦਾ ਮਾਮਾ ਹੀ ਕਾਤਲ ਹੈ, ਜੋ ਕਿ ਫਰਾਰ ਦੱਸਿਆ ਜਾਂਦਾ ਹੈ। ਦੋਸ਼ੀ ਪਿਛਲੇ ਕਾਫੀ ਸਮੇਂ ਤੋਂ ਉਨ੍ਹਾਂ ਦੇ ਘਰ ਰਹਿ ਰਿਹਾ ਸੀ ਅਤੇ ਘਟਨਾ ਤੋਂ ਬਾਅਦ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਦੋਸ਼ੀ ਨੇ ਮ੍ਰਿਤਕਾ ਦਾ ਕਤਲ ਕਿਉਂ ਕੀਤਾ, ਇਸ ਬਾਰੇ ਹਾਲੇ ਤੱਕ ਖੁਲਾਸਾ ਨਹੀਂ ਹੋਇਆ ਹੈ।
ਮਾਂ ਅਤੇ ਭਰਾ ਦੀ ਸੂਚਨਾ ‘ਤੇ ਪੁਲਸ ਮੌਕੇ ‘ਤੇ ਪਹੁੰਚੀ। ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸੈਕਟਰ-16 ਦੇ ਹਸਪਤਾਲ ਭੇਜ ਦਿੱਤਾ ਹੈ। ਫੋਰੈਂਸਿਕ ਟੀਮ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਲੜਕੀ ਦੇ ਕਤਲ ਦਾ ਦੋਸ਼ੀ ਮਾਮੇ ਦਾ ਵੀ ਪੁਰਾਣਾ ਅਪਰਾਧਿਕ ਰਿਕਾਰਡ ਹੈ। ਜਾਣਕਾਰੀ ਮੁਤਾਬਕ ਉਸ ਖਿਲਾਫ ਪਤਨੀ ਦੇ ਕਤਲ ਦਾ ਮਾਮਲਾ ਵੀ ਦਰਜ ਹੈ। ਦੋਸ਼ੀ ਦੀ ਪਤਨੀ ਦਾ ਸਾਲ 2006 ‘ਚ ਕਤਲ ਕਰ ਦਿੱਤਾ ਗਿਆ ਸੀ।