ਜਲੰਧਰ | ਜਲੰਧਰ ‘ਚ ਇਕ ਵਾਰ ਫਿਰ ਕਾਰ ਸਵਾਰ ਔਰਤਾਂ ਦੇ ਗੈਂਗ ਨੇ ਥਾਣਾ ਰਾਮਾ ਮੰਡੀ ਇਲਾਕੇ ਦੇ ਸੂਰਿਆ ਐਨਕਲੇਵ ਵਿੱਚ ਇਕ ਐੱਨਆਰਆਈ ਬਜ਼ੁਰਗ ਔਰਤ ਨੂੰ ਨਿਸ਼ਾਨਾ ਬਣਾਇਆ। ਗਿਰੋਹ ਦੀਆਂ ਔਰਤਾਂ ਉਸ ਦੇ ਹੱਥਾਂ ‘ਚੋਂ ਕੜੇ ਝਪਟ ਕੇ ਫਰਾਰ ਹੋ ਗਈਆਂ।
ਦੱਸਣਯੋਗ ਹੈ ਕਿ ਪਿਛਲੇ ਮਹੀਨੇ ਵੀ ਫੁੱਟਬਾਲ ਚੌਕ ‘ਚ ਕਾਰ ਸਵਾਰ ਔਰਤਾਂ ਤੇ ਇਕ ਵਿਅਕਤੀ ਨੇ ਕਾਰ ‘ਚ ਜ਼ਬਰਦਸਤੀ ਬਿਠਾ ਕੇ ਇਕ ਔਰਤ ਦੇ ਸੋਨੇ ਦੇ ਕੜੇ ਲਾਹ ਲਏ ਸਨ।
ਤਾਜ਼ਾ ਘਟਨਾ ‘ਚ ਇਹ ਅਪਰਾਧ ਕਾਰ ਸਵਾਰ 3 ਔਰਤਾਂ ਤੇ ਇਕ ਨੌਜਵਾਨ ਨੇ ਕੀਤਾ। ਥਾਣਾ ਰਾਮਾ ਮੰਡੀ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਦੋਸ਼ੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਸੂਰਿਆ ਇਨਕਲੇਵ ਵਾਸੀ ਮਰਚੈਂਟ ਨੇਵੀ ਦੇ ਅਧਿਕਾਰੀ ਦਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਮਾਂ ਪਰਮਜੀਤ ਕੌਰ ਸਵੇਰੇ ਕਰੀਬ ਸਾਢੇ 8 ਵਜੇ ਰੋਜ਼ ਗਾਰਡਨ ਨੇੜੇ ਸੈਰ ਕਰ ਰਹੀ ਸੀ। ਇਸ ਦੌਰਾਨ ਇਕ ਕਾਰ ‘ਚ ਆਏ 4 ਲੋਕਾਂ ਨੇ ਉਸ ਨੂੰ ਜ਼ਬਰਦਸਤੀ ਕਾਰ ਵਿੱਚ ਬਿਠਾਉਣ ਦੀ ਕੋਸ਼ਿਸ਼ ਕੀਤੀ, ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਸ ਦੇ ਹੱਥੋਂ ਕੜੇ ਝਪਟ ਕੇ ਫਰਾਰ ਹੋ ਗਏ।
ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ, ਜਦੋਂ ਪੁਲਿਸ ਨੇ ਇਲਾਕੇ ਦੀ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਤਾਂ ਉਸ ਵਿੱਚ ਲੁੱਟ ‘ਚ ਸ਼ਾਮਿਲ ਮਹਿਲਾ ਗਿਰੋਹ ਦੀ ਕਾਰ ਕੈਦ ਹੋ ਗਈ। ਕਾਰ ‘ਤੇ ਕੋਈ ਨੰਬਰ ਪਲੇਟ ਨਹੀਂ ਲੱਗੀ ਹੋਈ ਸੀ।
ਪੁਲਿਸ ਦੀ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਕਿ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਕਾਰ ਸਵਾਰ ਰੋਜ਼ ਗਾਰਡਨ ਤੋਂ ਗੁਰੂ ਗੋਬਿੰਦ ਸਿੰਘ ਐਵੀਨਿਊ ਵੱਲ ਭੱਜ ਗਏ।
ਪੀੜਤ ਬਜ਼ੁਰਗ ਦੇ ਪੁੱਤਰ ਦਵਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਨੇ ਪਹਿਲਾਂ ਉਸ ਦੀ ਮਾਂ ਨੂੰ ਅਮਰੀਕਾ ਰਿਟਰਨ ਹੋਣ ਬਾਰੇ ਪੁੱਛਿਆ, ਜਦੋਂ ਬਜ਼ੁਰਗ ਨੇ ਕੁਝ ਦਿਨ ਪਹਿਲਾਂ ਅਮਰੀਕਾ ਤੋਂ ਆਉਣ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਉਸ ਨੂੰ ਮਿਲਣਾ ਚਾਹੁੰਦੀਆਂ ਹਨ, ਜਦੋਂ ਉਸ ਦੀ ਮਾਂ ਨੇ ਮਨ੍ਹਾ ਕੀਤਾ ਤਾਂ ਕਾਰ ਸਵਾਰਾਂ ਨੇ ਉਸ ਨੂੰ ਜ਼ਬਰਦਸਤੀ ਕਾਰ ‘ਚ ਘਸੀਟਣ ਦੀ ਕੋਸ਼ਿਸ਼ ਕੀਤੀ।
ਫਿਰ ਉਸ ਦੇ ਹੱਥ ‘ਚ ਪਹਿਨੇ ਸੋਨੇ ਦੇ 2 ਕੜੇ ਝਪਟ ਲਏ। ਇਸ ਦੌਰਾਨ ਦੋਸ਼ੀਆਂ ਨੇ ਮਾਂ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਵੀ ਕੀਤਾ।