ਲੁਧਿਆਣਾ, 17 ਫਰਵਰੀ | ਖੰਨਾ ‘ਚ ਲਲਹੇੜੀ ਰੋਡ ਰੇਲਵੇ ਪੁਲ ‘ਤੇ ਇਕ ਤੇਜ਼ ਰਫਤਾਰ ਵਾਹਨ ਨੇ ਸਕੂਟਰ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿਚ ਸਕੂਟਰ ਸਵਾਰ ਔਰਤ ਦੀ ਮੌਤ ਹੋ ਗਈ। ਉਹ ਆਪਣੇ ਬੇਟੇ ਨੂੰ ਸਕੂਲ ਛੱਡ ਕੇ ਵਾਪਸ ਆ ਰਹੀ ਸੀ।
ਮ੍ਰਿਤਕਾ ਦੀ ਪਛਾਣ 34 ਸਾਲਾ ਹਰਪ੍ਰੀਤ ਕੌਰ ਵਾਸੀ ਕੌਰ ਨੰਦੀ ਕਾਲੋਨੀ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਆਪਣੇ ਛੋਟੇ ਬੇਟੇ ਨੂੰ ਅਮਲੋਹ ਰੋਡ ‘ਤੇ ਸਕੂਲ ਛੱਡ ਕੇ ਵਾਪਸ ਆ ਰਹੀ ਸੀ ਤਾਂ ਇਕ ਤੇਜ਼ ਰਫਤਾਰ ਵਾਹਨ ਨੇ ਉਸ ਦੇ ਸਕੂਟਰ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿਚ ਹਰਪ੍ਰੀਤ ਦਾ ਸਿਰ ਖੰਭੇ ਨਾਲ ਟਕਰਾ ਗਿਆ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਮ੍ਰਿਤਕਾ ਦੀ ਸੱਸ ਬਲਜੀਤ ਕੌਰ ਨੇ ਦੱਸਿਆ ਕਿ ਹਰਪ੍ਰੀਤ ਦਾ ਪਤੀ ਕੋਲਕਾਤਾ ‘ਚ ਰਹਿੰਦਾ ਹੈ ਅਤੇ ਉਹ ਆਪਣੇ ਛੋਟੇ ਬੇਟੇ ਨਾਲ ਖੰਨਾ ‘ਚ ਰਹਿੰਦੀ ਸੀ। ਕੇਜੀ ਜਮਾਤ ਵਿਚ ਪੜ੍ਹਦਾ ਉਸ ਦਾ ਪੁੱਤਰ ਇੱਕ ਮਹੀਨਾ ਪਹਿਲਾਂ ਤੱਕ ਵੈਨ ਵਿਚ ਸਕੂਲ ਜਾਂਦਾ ਸੀ ਪਰ ਵੈਨ ਸੇਵਾ ਬੰਦ ਹੋਣ ਤੋਂ ਬਾਅਦ ਹਰਪ੍ਰੀਤ ਹਰ ਰੋਜ਼ ਆਪਣੇ ਬੇਟੇ ਨੂੰ ਸਕੂਟੀ ‘ਤੇ ਸਕੂਲ ਛੱਡਣ ਜਾਂਦੀ ਸੀ।
ਥਾਣਾ ਸਿਟੀ ਦੇ ਐਸਐਚਓ ਤਰਵਿੰਦਰ ਬੇਦੀ ਅਨੁਸਾਰ ਹਾਦਸੇ ਤੋਂ ਬਾਅਦ ਮੁਲਜ਼ਮ ਡਰਾਈਵਰ ਆਪਣੀ ਗੱਡੀ ਸਮੇਤ ਫ਼ਰਾਰ ਹੋ ਗਿਆ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਗਿਆ ਹੈ। ਇਹ ਘਟਨਾ ਉਸ ਪਰਿਵਾਰ ਦੀ ਤ੍ਰਾਸਦੀ ਹੈ, ਜਿੱਥੇ ਇੱਕ ਛੋਟਾ ਬੱਚਾ ਆਪਣੀ ਮਾਂ ਤੋਂ ਸਦਾ ਲਈ ਵਿਛੜ ਗਿਆ।