ਚੰਡੀਗੜ੍ਹ. ਪੰਜਾਬ ਸਿਹਤ ਵਿਭਾਗ ਨੇ ਬੁੱਧਵਾਰ ਨੂੰ ਦਿੱਲੀ ਨਿਜ਼ਾਮੂਦੀਨ ਮਰਕਜ਼ ਵਿਖੇ ਤਬਲੀਗ ਜਮਾਤ ਸਮਾਗਮ ਵਿੱਚ ਭਾਗ ਲੈਣ ਵਾਲੇ ਸਾਰੇ ਲੋਕਾਂ, ਜੋ ਸੂਬੇ ਵਿੱਚ ਛੁਪੇ ਹੋਏ ਹਨ, ਨੂੰ 24 ਘੰਟਿਆਂ ਦੀ ਆਖਰੀ ਮੁਹਲਤ ਦਿੰਦਿਆਂ ਕਿਹਾ ਹੈ ਕਿ ਉਹ ਆਪਣੇ ਨੇੜਲੇ ਥਾਣੇ ਵਿੱਚ ਰਿਪੋਰਟ ਕਰਨ ਜਾਂ ਫੇਰ ਅਪਰਾਧਿਕ ਮੁਕੱਦਮੇ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ।

ਇਹ ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਉਹ ਸਾਰੇ ਵਿਅਕਤੀ ਜਿਹੜੇ ਨਿਜਾਮੂਦੀਨ ਮਰਕਜ਼ ਵਿਖੇ ਤਬਲੀਗੀ ਜਮਾਤ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਸਨ ਅਤੇ ਇਸ ਵੇਲੇ ਪੰਜਾਬ ਵਿੱਚ ਛੁਪੇ ਹੋਏ ਹਨ, ਨੂੰ ਸਾਹਮਣੇ ਆਉਣਾ ਚਾਹੀਦਾ ਹੈ ਅਤੇ ਅਗਲੇ 24 ਘੰਟਿਆਂ ਵਿਚ ਕੋਵਿਡ-19 ਦੀ ਸਕ੍ਰੀਨਿੰਗ ਲਈ ਪੇਸ਼ ਹੋਣਾ ਚਾਹੀਦਾ ਹੈ।

ਨਿਜ਼ਾਮੂਦੀਨ ਤੋਂ ਕਥਿਤ ਤੌਰ ‘ਤੇ ਪੰਜਾਬ ਪਹੁੰਚਣ ਵਾਲੇ 467 ਤਬਲੀਗ ਜਮਾਤ ‘ਚ ਭਾਗ ਲੈਣ ਵਾਲਿਆਂ ਵਿੱਚੋਂ ਪੁਲਿਸ ਨੇ ਹੁਣ ਤੱਕ 445 ਕਾਰਕੁੰਨਾਂ ਦਾ ਪਤਾ ਲਗਾਇਆ ਸੀ, ਅਤੇ 22 ਹੋਰਨਾਂ ਦੀ ਭਾਲ ਜਾਰੀ ਹੈ। ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ 350 ਦੇ ਸੈਂਪਲ ਟੈਸਟ ਕੀਤੇ ਗਏ ਸਨ ਅਤੇ ਇਨ੍ਹਾਂ ਵਿੱਚੋਂ 12 ਪਾਜ਼ਟਿਵ ਅਤੇ 111 ਨੈਗੇਟਿਵ ਪਾਏ ਗਏ ਸਨ ਤੇ ਬਾਕੀ 227 ਦੇ ਨਤੀਜਿਆਂ ਦੀ ਉਡੀਕ ਕੀਤੀ ਜਾ ਰਹੀ ਹੈ।
ਇਸ ਮੁੱਦੇ ਦੀ ਸੰਵੇਦਨਸ਼ੀਲਤਾ ਦੇ ਮੱਦੇਨਜ਼ਰ ਤਬਲੀਗ ਜਮਾਤ ਵਿੱਚ ਹਿੱਸਾ ਲੈਣ ਵਾਲੇ ਬਾਕੀ ਵਿਅਕਤੀਆਂ ਨੂੰ ਦੇਸ਼ ਵਿੱਚੋਂ ਇਸ ਬਿਮਾਰੀ ਦੇ ਖਾਤਮੇ ਲਈ ਟੈਸਟ ਕਰਵਾਉਣ ਲਈ ਬਾਹਰ ਆਉਣ ਅਤੇ ਪੰਜਾਬ ਸਰਕਾਰ ਨੂੰ ਸਹਿਯੋਗ ਦੇਣ ਲਈ ਕਿਹਾ ਹੈ।

ਗੌਰਤਲਬ ਹੈ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਪਹਿਲਾਂ ਹੀ 28 ਮਾਰਚ ਨੂੰ ਇਕ ਅਡਵਾਈਜ਼ਰੀ ਜਾਰੀ ਕਰ ਦਿੱਤੀ ਸੀ ਅਤੇ,ਇਸ ਨੂੰ ਜਾਰੀ ਰੱਖਦਿਆਂ, ਸਾਰੇ ਮੁੱਖ ਸਕੱਤਰਾਂ / ਸਲਾਹਕਾਰਾਂ ਨੂੰ ਸਾਰੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ ਡੀਜੀਪੀਜ਼ ਨੂੰ ਇਸ ਸਬੰਧ ਵਿਚ 4 ਅਪ੍ਰੈਲ ਨੂੰ ਹਦਾਇਤਾਂ ਦੁਹਰਾਈਆਂ ਹਨ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।